ਹਾਲੀਆਂ ਨੇ ਹਲ਼ ਛੱਡ ਤੇ”–ਮਨਦੀਪ ਕੌਰ ਭੰਡਾਲ

ਹਾਲੀਆਂ ਨੇ ਹਲ਼ ਛੱਡ ਤੇ”“ਨੀ ਭੈਣੇ ਸੱਚੀਂਓ ਛੁੱਟ ਗਏ “ ਮੇਰੀ ਦਾਦੀ ਬੋਲੀ । ਕਿਸਾਨ ਬੈਠੇ ਹਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ । ਉਹ ਲੌਂਗ ਕਿੰਨਾ ਚਮਕਦਾ ਹੋਣਾ ਜਿਸਦੇ ਲਿਸ਼ਕਾਰੇ ਨੇ ਹਾਲ਼ੀਆਂ ਨੂੰ ਹਲ਼ ਰੋਕਣ ਲਈ ਮਜਬੂਰ ਕਰ ਦਿੱਤਾ ਸੀ । ਬਹੁਤ ਹੀ ਖੁਸ਼ਨੁਮਾ ਅਹਿਸਾਸ ਦਿੰਦਾ ਸੀ ਕੇਵਲ ਲੌਂਗ ਇੱਕ ਲਿਸ਼ਕਾਰਾ ਜਿਸ ਨਾਲ ਹਾਲ਼ੀਆਂ ਦੇ ਮਨ ਨੂੰ ਪਿਆਰਾ ਜਿਹਾ ਹੁਲਾਰਾ ਮਿਲ ਜਾਂਦਾ ਸੀ ਅਤੇ ਉਹ ਇਸੇ ਖੁਸ਼ੀ ਵਿੱਚ ਚੌਗੁਣਾ ਕੰਮ ਕਰ ਜਾਂਦੇ ਸੀ । ਲੋਹੇ ਨਾਲ ਟਕਰਾਉਣ ਦੀ ਹਿੰਮਤ ਕੇਵਲ ਇੱਕ ਲੌਂਗ ਦਾ ਲਿਸ਼ਕਾਰਾ ਬਿਨਾਂ ਬੋਲੇ ਹੀ ਦੇ ਜਾਂਦਾ ਸੀ । ਖੇਤੀ ਦੇ ਜੋਖ਼ਮ ਵਾਲੇ ਕੰਮ ਵਿੱਚ ਉਹਨਾਂ ਦਿਨਾਂ ਵਿੱਚ ਔਰਤ ਹਰ ਕਦਮ ਤੇ ਆਪਣੇ ‘ਹਾਲ਼ੀ ਹਾਕਮ’ ਦਾ ਸਾਥ ਦਿੰਦੀ ਆਈ ਹੈ ਚਾਹੇ ਗੀਤਾਂ ਰਾਹੀਂ ਭਾਵਾਂ ਨੂੰ ਪ੍ਰਗਟ ਕਰਕੇ ਜਾਂ ਭੱਤਾ ਢੋਅ ਕੇ । ਕਿਸਾਨ ਦੀ ਆਰਥਿਕਤਾ ਨੂੰ ਉਚਾਈਆਂ ਤੇ ਲੈ ਕੇ ਜਾਣ ਵਾਲਾ ਅਤੇ ਖੁਸ਼ੀਆਂ ਦੀਆਂ ਲਹਿਰਾਂ -ਬਹਿਰਾਂ ਲਾਉਣ ਵਾਲਾ ‘ਲੌਂਗ’ ਸਾਰੇ ਗਹਿਣਿਆਂ ਵਿੱਚੋਂ ਸਸਤਾ ਗਹਿਣਾ ਹੈ । ਪਰ ਇਹ ਔਰਤ ਦਾ ਛੋਟਾ ਜਿਹਾ ਗਹਿਣਾ ਹਾਲ਼ੀਆਂ ਨੂੰ ‘ਵਕਤ’ ਪਾਉਣ ਦੀ ਪੂਰੀ ਦਲੇਰੀ ਰੱਖਦਾ ਹੋਇਆ ਕਿਸੇ ਮੇਰੇ ਵਰਗੀ ਨੂੰ ਨਖ਼ਰਾ ਕਰਨ ਦਾ ਪੱਜ ਵੀ ਦੇ ਦਿੰਦਾ ਹੈ :-ਚੀਰੇ ਵਾਲਿਆ ਦੇਖਦਾ ਆਈਂ ਵੇ………….,ਮੇਰਾ ਲੌਂਗ ਗੁਆਚਾ……………………,ਤੂੰ ਨਿਗਾਹ ਮਾਰਦਾ ਆਈਂ ਵੇ!!!!!!!!!!!!!!!ਸਾਰੇ ਹੀ ਕੰਮ ਕਰਦੇ ਹੋਏ ਔਰਤ ਅਤੇ ਮਰਦ ਘਰ ਅਤੇ ਪਰਿਵਾਰ ਤੋਂ ਬਿਨਾ ਆਰਥਿਕਤਾ ਦਾ ਗੱਡਾ ਪੂਰੀ ਤਨਦੇਹੀ ਨਾਲ ਢੋਂਦੇ ਆਏ ਹਨ । ਗੱਲ ਕਰੀਏ ਉਹਨਾਂ ਕੰਮਾਂ ਦੀ ਜਿਹੜੇ ਅੱਜ ਦੀ ਪੀੜ੍ਹੀ ਸੋਚ ਵੀ ਨਹੀਂ ਸਕਦੀ । ਜਿੰਨਾਂ ਗੱਲਾਂ ਨੂੰ ਸੁਣ ਕੇ ਮੇਰੇ ਭਰਵੱਟੇ ਖੜ੍ਹੇ ਹੋ ਜਾਂਦੇ ਹਨ ਜਦੋਂ ਮੈਂ ਆਪਣੇ ਤਾਇਆ ਜੀ ਅਤੇ ਚਾਚਾ ਜੀ ਤੋਂ ਸੁਣਦੀ ਹਾਂ ਕਿ ਓਹ ਵੇੜਾਂ ਵੱਟਦੇ ਹੁੰਦੇ ਸੀ ਕਣਕਾਂ ਦੀਆਂ ਭਰੀਆਂ ਬੰਨ੍ਹਣ ਦੇ ਲਈ ,ਗੰਨੇ ਘੜਦੇ ਹੁੰਦੇ ਸੀ ਗੁੜ ਬਣਾਉਣ ਦੇ ਲਈ ਆਦਿਕ । ਗੁੜ ਬਣਾਉਣ ਦੀ ਬਾਕਮਾਲ ਤਕਨੀਕ ਸੁਣ ਕੇ ਮੈਂ ਵੀ ਦੰਗ ਰਹਿ ਗਈ ਸੀ । ਸਾਨੂੰ ਅੱਜੋਕੀ ਪੀੜੀ ਨੂੰ ਤਾਂ ਗੰਡ ਦਾ ਵੀ ਪਤਾ ਨਹੀਂ ਹੈ ਕਿ ਗੰਨੇ ਦਾ ਰਸ ਲੋਹੇ ਦੇ ਕੜਾਹੇ ਵਿੱਚ ਕਾਹੜ ਕੇ ਲੱਕੜ ਦੇ ਗੰਡ ਵਿੱਚ ਤਬਦੀਲ ਕਰਨ ਦਾ ਕੀ ਤਰਕ ਹੁੰਦਾ ਸੀ । ਇਹ ਇਸ ਕਰਕੇ ਕਿ ਕਿਤੇ ਜ਼ਿਆਦਾ ਦੇਰ ਲੋਹੇ ਵਿੱਚ ਰਹਿਣ ਕਰਕੇ ਗੁੜ ਕਿਤੇ ਲੂਹ ਨਾ ਹੋ ਜਾਵੇ । ਮੈਂ ਇਹ ਸਾਰਾ ਕੁਝ ਸੁਣਨ ਤੋਂ ਬਾਦ ਲਿਖਣਾ ਆਪਣੀ ਸਮਾਜਿਕ ਅਤੇ ਨੈਤਿਕ ਜ਼ੁੰਮੇਵਾਰੀ ਸਮਝਦੀ ਹੋਈ ਇਹ ਗੱਲ ਕੁੜੀਆਂ ਅਤੇ ਮੁੰਡਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਸਮਿਆਂ ਵਿੱਚ “ਹਾਲ਼ੀ ਪੁੱਤ“ ਦੀ ਬੁੱਕਤ ਹੇਠ ਲਿਖੀ ਬੋਲੀ ਖ਼ੂਬ ਬਿਆਨ ਕਰਦੀ ਹੈ :-ਨੌਕਰ ਨੂੰ ਨਾ ਦੇਈਂ ਮੇਰੇ ਬਾਬਲਾ………………,ਹਾਲ਼ੀ ਪੁੱਤ ਬਥੇਰੇ………………………….,ਬਈ ਨੌਕਰ ਨੇ ਤਾਂ ਚੁੱਕਿਆ ਬਿਸਤਰਾ…………,ਬੱਲੇ ਬੱਲੇ ਬੱਲੇ……………………………,ਬਈ ਹੋ ਜੂ ਗੱਡੀ ਦੇ ਨੇੜੇ…………………….,ਮੈਂ ਤੈਨੂੰ ਵਰਜ ਰਹੀ…………………………,ਦੇਈਂ ਨਾ ਬਾਬਲਾ ਫੇਰੇ……………………..।ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਸਮੇਂ ਦੀਆਂ ਸਰਕਾਰਾਂ ਨੇ ਮਧੋਲ ਕੇ ਰੱਖ ਦਿੱਤਾ ਹੈ ਅਤੇ ਕਰਜਈ ਕਰ ਕੇ ਫਾਹੇ ਲੈਣ ਲਈ ਮਜਬੂਰ ਕਰ ਦਿੱਤਾ । ਰਹਿੰਦੀ ਕਸਰ ਕਾਲੇ ਕਾਨੂੰਨਾਂ ਨੇ ਕੱਢ ਦਿੱਤੀ ਹੈ । ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਨਾ ਕੇਵਲ ਪਰਿਵਾਰ ਦਾ ਢਿੱਡ ਭਰਦਾ ਹੈ ਬਲਕਿ ਪੂਰੀ ਦੁਨੀਆਂ ਦਾ ਅੰਨਦਾਤਾ ਹੈ । ਪਰ ਅੱਜ ਦੀ ਖੋਟੀ ਸਰਕਾਰ ਕਿਸਾਨ ਦੀ ਬੋਟੀ-ਬੋਟੀ ਨੋਚਣ ਲਈ ਬੈਠੀ ਹੈ । ਉਪਰੋਕਤ ਬੋਲੀ ਕਿ:-“ ਹਾਲੀਆਂ ਨੇ ਹਲ ਛੱਡ ਤੇ…………….,ਨੀ ਤੇਰੇ ਲੌਂਗ ਦਾ ਪਿਆ ਲਿਸ਼ਕਾਰਾ…….”ਵਿੱਚ ਹਲ ਮਾਨਸਿਕ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਛੁੱਟ ਜਾਂਦੇ ਸਨ ਅਤੇ ਔਰਤ ਅਤੇ ਮਰਦ ਦੀ ਖੁਸ਼ੀ ਵਿੱਚ ਖੀਵੇ ਹੋਣ ਦੇ ਵਲਵਲਿਆਂ ਨੂੰ ਇਹਨਾਂ ਬੋਲਾਂ ਰਾਂਹੀ ਕੱਢ ਕੇ ਬਾਹਰ ਲਿਆਉਂਦੇ ਹਨ ।ਅੱਜ ਦੇ ਸੰਦਰਭ ਵਿੱਚ ਛੱਡੇ ਹੋਏ ਹੱਲ ਛੇਤੀ ਹੀ ਦੁਆਰਾ ਫੜੇ ਜਾਣਗੇ ਅਤੇ ਅੱਜ ਦਾ ਗੱਭਰੂ , ਮੁਟਿਆਰ ਦੀ ਗਿੱਧੇ ਵਿੱਚ ਪਾਈ ਬੋਲੀ ਨੂੰ ਸੱਚ ਕਰਕੇ ਜ਼ਰੂਰ ਦਿਖਾਏਗਾ “ਹਾਲ਼ੀ ਪੁੱਤ ਬਥੇਰੇ” ਅੱਜ ਕਿਸਾਨ ਦੇ ਪੁੱਤ ਦੁਆਰਾ “ਕਿਰਸਾਨੀ ਝੰਡਾ “ ਲਾ ਕੇ ਬਾਰਾਤ ਚੜ੍ਹਨਾ ਆਉਣ ਵਾਲੇ ਸਮੇਂ ਵੱਲ ਸਾਫ਼ ਸੰਕੇਤ ਹੈ ਕਿ ਹਾਲ਼ੀ ਪੁੱਤ ਨੇ ਇਤਿਹਾਸ ਅਜਿਹਾ ਸਿਰਜਣਾ ਹੈ ਕਿ ਦੁਨੀਆਂ ਯਾਦ ਕਰੇਗੀ । ਫ਼ਿਕਰ ਨਾ ਕਰੋ ਪੰਜਾਬੀਓ ! ਵੱਡੇ ਇਤਿਹਾਸ ਲਿਖਣੇ ਵੀ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਬਲਕਿ ਅੰਗਰੇਜ਼ੀ ਦੇ ਸੰਸਾਰ ਪ੍ਰਸਿੱਧ ਲੇਖਕ ਅਤੇ ਸਪੀਕਰ ਡਾਰੇਨ ਹਾਰਡੀ ਦਾ ‘ਕੰਮਪਾਊਂਡ ਇਫ਼ੈਕਟ’ ਹੋਵੇਗਾ । ਅੱਜ ਵੀ ਓਹੀ ਭੱਤਾ ਢੋਣ ਵਾਲੀਆਂ ਦਾਦੀਆਂ ਦੀਆਂ ਵਾਰਸਾਂ ਮੋਢੇ ਨਾਲ ਮੋਢਾ ਜੋੜਨ ਲਈ ਤਿਆਰ ਤਾਂ ਹੋਣਗੀਆਂ ਹੀ ਬਲਕਿ “ਬਾਜਰੇ ਦੀ ਰਾਖੀ” ਵੀ ਕਰਨਗੀਆਂ । ਇਸ ਤੋਂ ਇਲਾਵਾ ਹਾੜੀ-ਸਾਉਣੀ ਵੀ ਸਾਂਭਣਗੀਆਂ । ਅੰਤ ਵਿੱਚ ਆਪਣੀ ਲਿਖੀ ਕਵਿਤਾ ਦੀਆਂ ਸਤਰਾਂ ਲਿਖਦੀ ਹੋਈ ਪੰਜਾਬੀ ਮੁਟਿਆਰ ਦੀ ਕੁਮਿੱਟਮੈਂਟ ਦੀ ਤਰਜਮਾਨੀ ਕਰਦੀ ਹੋਈ ਸਤਰਾਂ ਸਾਂਝੀਆਂ ਕਰਦੀ ਹਾਂ :-ਦੀਪ ਖਿੜ-ਖਿੜ ਹੱਸਦੀ ਮਾਹੀ ਵੇ…………….,ਵੇ ਆਜਾ ਹੱਸਦੀ ਦੇ ਦੰਦ ਗਿਣ ਲੈ……………,ਚੰਨਾ ਹਾੜੀ ਸਾਉਣੀ ਸਾਂਭ ਲਈਂ……………..,ਮੈਂ ਤੇਰੀ…………………………………,ਵੇ ਆ ਕੇ ਮੇਰੇ ਤੰਦ ਗਿਣ ਲੈ………………..।ਮਨਦੀਪ ਕੌਰ ਭੰਡਾਲ

Leave a Reply

Your email address will not be published. Required fields are marked *