ਪਹਿਲੀ ਜੁਲਾਈ ਤੋਂ ‘ਪੱਕੇ ਮੋਰਚੇ’ ਦਾ ਐਲਾਨ

ਜੈਤੋ: ਬੇਅਦਬੀ ਕਾਂਡ ਨਾਲ ਸਬੰਧਤ ਉਪ ਮੰਡਲ ਜੈਤੋ ਦੇ ਦੋ ਪਿੰਡਾਂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ’ਚ ਅੱਜ ਸਿੱਖ ਸੰਗਤ ਵੱਲੋਂ ‘ਪਸ਼ਚਾਤਾਪ ਸਮਾਗਮ’ ਕਰਵਾਏ ਗਏ। ਬਰਗਾੜੀ ਦੇ ਗੁਰਦੁਆਰੇ ’ਚ ਹੋਏ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਕੂਮਤ ਨੂੰ ਅਲਟੀਮੇਟਮ ਦਿੱਤਾ ਕਿ ਜੇ ਇਕ ਮਹੀਨੇ ਦੇ ਅੰਦਰ-ਅੰਦਰ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਮੁਲਜ਼ਮ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਪਹਿਲੀ ਜੁਲਾਈ ਤੋਂ ਸਿੱਖ ਪੰਥ ਵੱਲੋਂ ਸਾਂਝੇ ਤੌਰ ’ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਦੌਰਾਨ ਮਾਨ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਬੰਧਤ ਪੁਲੀਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਵੀ ਮੰਗੀ।

ਦੀਪ ਸਿੱਧੂ ਨੇ ਆਪਣੇ ਸੰਬੋਧਨ ’ਚ ਇਨਸਾਫ਼ ਲਈ ਆਵਾਜ਼ ਚੁੱਕਣ ਵਾਲੀਆਂ ਧਿਰਾਂ ਨੂੰ ਇਕੱਠੇ ਹੋ ਕੇ ਨਿਆਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਗੱਲ ਆਖੀ। ਸ਼੍ਰੋਮਣੀ ਅਕਾਲੀ ਦਲ (ਯੂਨਾਈਟਡ) ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਨਸਾਫ਼ ਲਈ ਇੱਕਜੁਟਤਾ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ਦੇ ਮੁੱਖ ਸੂਤਰਧਾਰ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅੱਜ ‘ਪਸ਼ਚਾਤਾਪ ਸਮਾਗਮ’ ਵਿਚੋਂ ਗ਼ੈਰਹਾਜ਼ਰ ਰਹੇ। ਇਸ ਮੌਕੇ ਸਿੱਖ ਆਗੂ ਗੁਰਦੀਪ ਸਿੰਘ ਢੁੱਡੀ, ਸੁਰਜੀਤ ਸਿੰਘ ਅਰਾਈਆਂ, ਪ੍ਰਦੀਪ ਸਿੰਘ ਚਾਂਦਪੁਰਾ, ਇਕਬਾਲ ਸਿੰਘ ਬਰੀ ਵਾਲਾ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਦਬੜ੍ਹੀਖਾਨਾ, ਜੋਗਿੰਦਰ ਸਿੰਘ ਰਾਏ, ਗੁਰਸੇਵਕ ਸਿੰਘ ਜਵਾਹਰ ਕੇ ਤੇ ਹੋਰ ਹਾਜ਼ਰ ਸਨ।

ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਕਈ ਵੱਡੇ ਆਗੂ ਅੱਜ ਅਰਦਾਸ ਕਰਨ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਪਹੁੰਚੇ। ਉਨ੍ਹਾਂ ਬਹਿਬਲ ਕਾਂਡ ’ਚ ਜਾਨਾਂ ਗਵਾਉਣ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਘਰ ਜਾ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ। ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਬੇਅਦਬੀ ਮੁੱਦੇ ’ਤੇ ਹੋਂਦ ਵਿਚ ਆਈ ਸੀ ਪਰ ਕੈਪਟਨ ਅਤੇ ਬਾਦਲ ਪਰਿਵਾਰਾਂ ਦੀ ਸਾਂਝ ਕਾਰਨ ਛੇ ਸਾਲ ਬੀਤਣ ’ਤੇ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿਟ ਦੀ ਰਿਪੋਰਟ ਬਾਰੇ ਹਾਈ ਕੋਰਟ ’ਚ ਸੁਣਵਾਈ ਸੀ, ਉਸ ਦਿਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਜਾਣ-ਬੁੱਝ ਕੇ ਮੈਡੀਕਲ ਛੁੱਟੀ ਲੈ ਲਈ ਤਾਂ ਕਿ ਮੁਲਜ਼ਮਾਂ ਨੂੰ ਬਚਾਇਆ ਜਾ ਸਕੇ। ਹਾਈ ਕੋਰਟ ਦੇ ਫ਼ੈਸਲੇ ਨੂੰ ਡਬਲ ਬੈਂਚ ਜਾਂ ਸੁਪਰੀਮ ਕੋਰਟ ’ਚ ਲਿਜਾਣਾ ਕੈਪਟਨ ਸਰਕਾਰ ਦਾ ਫ਼ਰਜ਼ ਸੀ ਪਰ ਸਰਕਾਰ ਨੇ ਮੁਲਜ਼ਮਾਂ ’ਤੇ ਪਰਦਾ ਪਾਉਣ ਲਈ ਅਜਿਹਾ ਨਹੀਂ ਕੀਤਾ। ਇਸ ਮੌਕੇ ਪ੍ਰੋ. ਸਾਧੂ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਜਗਤਾਰ ਸਿੰਘ ਜੱਗਾ ਰਾਏਕੋਟ, ਮਾਸਟਰ ਬਲਦੇਵ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *