ਘੱਲੂਘਾਰਾ ਦਿਵਸ ਮੌਕੇ ਅਕਾਲ ਤਖ਼ਤ ’ਤੇ ਲੱਗੇ ਖ਼ਾਲਿਸਤਾਨ ਪੱਖੀ ਨਾਅਰੇ ਜਾਇਜ਼: ਜਗੀਰ ਕੌਰ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਕਰੋਨਾ ਕਾਰਨ ਅਨਾਥ ਤੇ ਲਾਵਾਰਸ ਹੋਏ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਇਆ ਜਾਵੇਗਾ। ਉਨ੍ਹਾਂ ਦੀ ਪੜ੍ਹਾਈ ਅਤੇ ਸੰਭਾਲ ਦਾ ਖਰਚਾ ਸਿੱਖ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਅੱਜ ਸ਼ਹੀਦੀ ਸਮਾਗਮ ਦੌਰਾਨ ਅਕਾਲ ਤਖ਼ਤ ’ਤੇ ਲੱਗੇ ਖ਼ਾਲਿਸਤਾਨ ਪੱਖੀ ਨਾਅਰਿਆਂ ਨੂੰ ਜਾਇਜ਼ ਕਰਾਰ ਦਿੱਤਾ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਜੂਨ 1984 ਘੱਲੂਘਾਰੇ ਸਮੇਂ ਫੌਜ ਵਲੋਂ ਚਲਾਈ ਗਈ ਗੋਲੀ ਨਾਲ ਹਰਿਮੰਦਰ ਸਾਹਿਬ ਵਿਖੇ ਪਹਿਲੀ ਮੰਜ਼ਿਲ ’ਤੇ ਹਰ ਕੀ ਪੌੜੀ ਵਾਲੀ ਥਾਂ ’ਤੇ ਵੱਡ ਅਕਾਰੀ ਹੱਥ ਲਿਖਤ ਪਾਵਨ ਸਰੂਪ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਸੀ। ਇਸ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਇਸ ਜ਼ਖ਼ਮੀ ਸਰੂਪ ਨੂੰ ਦੇਖਣ ਮਗਰੋਂ ਦੱਸਿਆ ਕਿ ਉਸ ਵੇਲੇ ਹੋਏ ਨੁਕਸਾਨ ਸਬੰਧੀ ਜਾਰੀ ਕੀਤੇ ਵ੍ਹਾਈਟ ਪੇਪਰ ਦਾ ਅਧਿਐਨ ਕਰ ਰਹੇ ਹਨ ਅਤੇ ਜਲਦੀ ਹੀ ਇਸ ਵਾਈਟ ਪੇਪਰ ਨੂੰ ਮੁੜ ਪ੍ਰਕਾਸ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀ ਮੰਗ ਮੁਤਾਬਕ ਜ਼ਖ਼ਮੀ ਪਾਵਨ ਸਰੂਪ ਦੇ ਦਰਸ਼ਨ ਸੰਗਤ ਨੂੰ ਅਗਾਂਹ ਵੀ ਕਰਵਾਏ ਜਾਣਗੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਸ੍ਰੀ ਹਰਿਮੰਦਰ ਸਾਹਿਬ ਤੇ ਲੱਗੇ ਸੋਨੇ ਦੇ ਪੱਤਰੇ ਜੋ ਫੌਜੀ ਗੋਲੀਆਂ ਨਾਲ ਛਲਣੀ ਹੋ ਗਏ ਸਨ। ਉਨ੍ਹਾਂ ਨੂੰ ਵੀ ਸਿੱਖ ਸੰਗਤ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਅਕਾਲ ਤਖ਼ਤ ਦੇ ਹੇਠਾਂ ਗੁਰੂ ਸਾਹਿਬ ਵੇਲੇ ਦਾ ਬਣਿਆ ਖੂਹ ਵੀ ਸੰਗਤ ਦਰਸ਼ਨ ਲਈ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸ਼ਹੀਦ ਗੈਲਰੀ ਵੀ ਜਲਦੀ ਤਿਆਰ ਕਰਕੇ ਸੰਗਤ ਅਰਪਣ ਕੀਤੀ ਜਾਵੇਗੀ।

Leave a Reply

Your email address will not be published. Required fields are marked *