ਕੋਰੋਨਾ ਸੰਕਟ ਦੌਰਾਨ ਚੀਨ ਦਾ ਇਲਜ਼ਾਮ- ਦੱਖਣੀ ਚੀਨ ਸਾਗਰ ਵਿਚ ਜਹਾਜ਼ ਭੇਜ ਰਿਹਾ US

ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਇਸ ਸਮੇਂ ਸੰਕਟ ਹੈ ਕਿ ਕਿਸ ਤਰ੍ਹਾਂ ਇਸ ਬਿਮਰੀ ਤੋਂ ਨਜਿੱਠਿਆ ਜਾ ਸਕੇ। ਪਰ ਇਸ ਸਭ ਦੇ ਵਿਚਕਾਰ ਅਮਰੀਕਾ ਅਤੇ ਚੀਨ ਵਿਚਕਾਲ ਲਗਾਤਾਰ ਜ਼ੁਬਾਨੀ ਜੰਗ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਸਡ ਟਰੰਪ ਇਸ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਤਾਂ ਉੱਥੇ ਹੀ ਹੁਣ ਚੀਨ ਵੱਲੋਂ ਵੀ ਇਲਜ਼ਾਮ ਲਗਾਇਆ ਗਿਆ ਹੈ।

ਚੀਨ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਅਮਰੀਕਾ ਦੱਖਣੀ ਚੀਨ ਸਾਗਰ ਵਿਚ ਏਅਰਕ੍ਰਾਫ਼ਟ ਭੇਜ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਬਿਆਨ ਜਾਰੀ ਕੀਤਾ ਗਿਆ। ਇਸ ਵਿਚ ਕਿਹਾ ਗਿਆ ਸੀ, ‘ਚੀਨ ਇਸ ਸਮੇਂ ਕੋਰੋਨਾ ਵਾਇਰਸ ਮਾਹਮਾਰੀ ਤੋਂ ਨਜਿੱਠਣ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਮਦਦ ਕਰ ਰਿਹਾ ਹੈ। 

ਪਰ ਦੂਜੇ ਪਾਸੇ ਅਮਰੀਕਾ ਅਪਣੇ ਜੰਗੀ ਜਹਾਜ਼ ਅਤੇ ਏਅਰਕ੍ਰਾਫ਼ਟ ਨੂੰ ਦੱਖਣੀ ਚੀਨ ਸਾਗਰ ਵਿਚ ਭੇਜ ਰਿਹਾ ਹੈ। ਜੋ ਕਿ ਚੀਨ ਨੂੰ ਚੁਣੌਤੀ ਦੇਣਾ ਹੈ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਪਹਿਲਾਂ ਅਪਣੇ ਘਰ ਵਿਚ ਫੈਲੀ ਮਹਾਮਾਰੀ ਨਾਲ ਨਿਪਟੇ’। ਚੀਨ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਅਮਰੀਕਾ ਨੂੰ ਵੀ ਲਗਾਤਾਰ ਮਦਦ ਪਹੁੰਚਾ ਰਹੇ ਹਾਂ, ਬੀਤੇ ਦਿਨੀਂ ਨਿਊਯਾਰਕ ਵਿਚ ਸਾਡੇ ਵੱਲੋਂ ਵੈਂਟੀਲੇਟਰ ਭੇਜੇ ਗਏ।

ਜ਼ਿਕਰਯੋਗ ਹੈ ਕਿ ਚੀਨ ਦੱਖਣੀ ਚੀਨ ਸਾਗਰ ਨਾਲ ਲੱਗਦੇ ਦੇਸ਼ਾਂ ‘ਤੇ ਆਪਣਾ ਪ੍ਰਭਾਵ ਜਮਾਉਂਦਾ ਆਇਆ ਹੈ, ਜਿਸ ਕਾਰਨ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਚੀਨ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਚੀਨ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹੈ, ਜੋ ਸਮੇਂ ਸਮੇਂ ਤੇ ਆਉਂਦਾ ਰਹਿੰਦਾ ਹੈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਕਾਰਨ ਚੀਨ ‘ਤੇ ਅਕਸਰ ਹਮਲਾ ਕਰਦੇ ਰਹਿੰਦੇ ਹਨ।

ਬੀਤੇ ਦਿਨੀਂ ਉਹਨਾਂ ਨੇ ਇਸ ਵਾਇਰਸ ਦਾ ਨਾਮ ਹੀ ‘ਚੀਨੀ ਵਾਇਰਸ’ ਰੱਖਿਆ ਸੀ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਵਾਇਰਸ ਚੀਨ ਤੋਂ ਦੁਨੀਆ ਵਿਚ ਆਇਆ ਹੈ, ਇਸ ਲਈ ਇਸ ਨੂੰ ਚੀਨੀ ਵਾਇਰਸ ਕਿਹਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਟਰੰਪ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਮਿਲ ਕੇ ਦੁਨੀਆ ਨੂੰ ਕੋਰੋਨਾ ਵਾਇਰਸ ਕਾਰਨ ਹਨੇਰੇ ਵਿਚ ਰੱਖਿਆ, ਜਿਸ ਦਾ ਨੁਕਸਾਨ ਹੁਣ ਭਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *