ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣ ਲਈ ਝੋਨੇ ਤੋਂ ਖਹਿੜਾ ਛੱਡਣ ਕਿਸਾਨ: ਜੌਹਲ

ਜਲੰਧਰ : ਦੇਸ਼ ਦੇ ਨਾਮਵਰ ਅਰਥ-ਸ਼ਾਸਤਰੀ ਤੇ ਖੇਤੀਬਾੜੀ ਮਾਮਲਿਆਂ ਦੇ ਮਾਹਿਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣਾ ਹੈ ਤਾਂ ਝੋਨੇ ਦਾ ਖਹਿੜਾ ਛੱਡਣਾ ਪਵੇਗਾ। ਉਨ੍ਹਾਂ ਝੋਨੇ ਦਾ ਬਦਲ ਦੱਸਦਿਆਂ ਕਿਹਾ ਕਿ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਪਵੇਗਾ ਤਦ ਹੀ ਪੰਜਾਬ ਦੇ ਪਾਣੀਆਂ ਤੇ ਜ਼ਮੀਨ ਨੂੰ ਬਚਾਇਆ ਜਾ ਸਕਦਾ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਕੇਂਦਰ ਸਰਕਾਰ ਦਾਲਾਂ ਦੀ ਮਾਰਕੀਟ ਕੀਮਤ ਦੇਣੀ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਝੋਨੇ ਹੇਠੋਂ ਰਕਬਾ ਘਟਾਉਣ ਲਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ। ਪਿਛਲੇ ਸਾਲ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਸੀ, ਜੋ ਇੱਕ ਰਿਕਾਰਡ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਨਾ ਰਕਬਾ ਝੋਨੇ ਹੇਠ ਆਇਆ ਸੀ। ਇਸ ਵਿੱਚ 27.43 ਲੱਖ ਹੈਕੇਟਅਰ ਝੋਨਾ ਤੇ 4.6 ਲੱਖ ਹੈਕਟੇਅਰ ਬਾਸਮਤੀ ਹੇਠ ਰਕਬਾ ਸੀ ਜਦ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਝੋਨੇ ਹੇਠ ਰਕਬਾ 27.36 ਲੱਖ ਹੈਕਟੇਅਰ ਦੱਸਿਆ ਸੀ। ਸਰਕਾਰ ਦਾ ਇਹ ਝੂਠ ਉਦੋਂ ਫੜਿਆ ਗਿਆ ਜਦੋਂ ਝੋਨੇ ਹੇਠ ਰਕਬਾ 31.49 ਲੱਖ ਹੈਕਟੇਅਰ ਨਿਕਲਿਆ, ਜੋ ਕਿ ਪਿਛਲੇ ਸਾਲ ਨਾਲੋਂ ਡੇਢ ਲੱਖ ਹੈਕਟੇਅਰ ਜ਼ਿਆਦਾ ਸੀ। ਸਰਦਾਰਾ ਸਿੰਘ ਜੌਹਲ ਨੇ ਦੱਸਿਆ ਕਿ ਚੌਲ ਜਿਹੜੇ ਅਸੀਂ ਦੂਜੇ ਸੂਬਿਆਂ ਨੂੰ ਭੇਜਦੇ ਹਾਂ ਉਹ ਇਕ ਤਰ੍ਹਾਂ ਨਾਲ ਪੰਜਾਬ ਦੇ ਪਾਣੀਆਂ ਦੀਆਂ ਪੰਡਾਂ ਬੰਨ੍ਹ ਕੇ ਭੇਜ ਰਹੇ ਹਾਂ, ਜੋ ਭਵਿੱਖ ਦੀ ਖੇਤੀ ਲਈ ਖਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੇ ਬਦਲ ਵਜੋਂ ਦਾਲਾਂ, ਕਪਾਹ ਤੇ ਤੇਲ ਬੀਜਾਂ ਵੱਲ ਕਿਸਾਨਾਂ ਨੂੰ ਪਰਤਣਾ ਚਾਹੀਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਲਾਗਤ ਘਟੇਗੀ, ਉਥੇ ਜ਼ਮੀਨ ਉਪਜਾਊ ਹੋਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਕਿਸਾਨਾਂ ਨੂੰ ਫ਼ਸਲਾਂ ਦੀ ਮਾਰਕੀਟ ਕੀਮਤ ਦੇਣਾ ਯਕੀਨੀ ਨਹੀਂ ਬਣਾਉਂਦੀਆਂ ਉਦੋਂ ਤੱਕ ਕਿਸਾਨ ਫ਼ਸਲੀ ਚੱਕਰ ਵਿਚੋਂ ਨਹੀਂ ਨਿਕਲ ਸਕਦਾ। ਉਨ੍ਹਾਂ ਦੱਸਿਆ ਕਿ ਜਿਵੇਂ ਖਾਣ ਵਾਲੇ ਤੇਲ ਦੀ ਕੌਮਾਂਤਰੀ ਪੱਧਰ ’ਤੇ ਮਾਰਕੀਟ ਹੈ, ਜੇ ਪੰਜਾਬ ਦੇ ਕਿਸਾਨ ਦਾਲਾਂ ਬੀਜਣ ਵੱਲ ਧਿਆਨ ਕੇਂਦਰਿਤ ਕਰਨ ਤਾਂ ਉਸੇ ਤਰ੍ਹਾਂ ਦਾਲਾਂ ਦੀ ਵੀ ਹੋ ਸਕਦੀ ਹੈ। ਸ੍ਰੀ ਜੌਹਲ ਨੇ ਦੱਸਿਆ ਕਿ ਉਹ ਪਿਛਲੇ 60 ਸਾਲਾਂ ਤੋਂ ਖੇਤੀ ਲਈ ਕੰਮ ਕਰਦੇ ਆ ਰਹੇ ਹਨ, ਦੋ ਦਰਜਨ ਦੇਸ਼ਾਂ ਨੂੰ ਕਿਸਾਨੀ ’ਤੇ ਨੀਤੀ ਬਣਾ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨ ਪੱਖੀ ਰਹੇ ਹਨ ਤੇ ਪੰਜਾਬ ਦੀ ਮਜ਼ਬੂਤ ਆਰਥਿਕਤਾ ਦੇ ਪੱਖ ਵਿਚ ਹਮੇਸ਼ਾ ਖੜ੍ਹਦੇ ਹਨ। ਉਨ੍ਹਾਂ ਸਰਕਾਰਾਂ ਦੀ ਨੀਅਤ ਤੇ ਨੀਤੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਥੇ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਨਾ ਹੀ ਕਿਸੇ ਚੰਗੀ ਨੀਤੀ ’ਤੇ ਚੱਲਣ ਲਈ ਦ੍ਰਿੜ੍ਹ ਇੱਛਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਿਲ੍ਹਾ ਪੱਧਰ ਤੇ ਡਿਵੀਜ਼ਨ ਪੱਧਰ ’ਤੇ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਲੋੜ ਹੈ ਉਨ੍ਹਾਂ ਦੀ ਪਹਿਲਾਂ ਨਿਸ਼ਾਨਦੇਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਤੀ ਸੁਧਾਰਾਂ ਦੀ ਅੱਜ ਵੀ ਲੋੜ ਹੈ ਤੇ ਸਮੇਂ ਮੁਤਾਬਕ ਇਹ ਹੋਣੇ ਚਾਹੀਦੇ ਹਨ। ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀ ਪ੍ਰਬੰਧ ਖਤਮ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਨਾਲ ਮੰਡੀ ਕਿਵੇਂ ਖਤਮ ਹੋ ਸਕਦੀ ਹੈ? ਕੋਈ ਮੂਰਖ ਆਦਮੀ ਹੀ ਹੋਵੇਗਾ ਜੋ ਇਸ ਦੇ ਬਰਾਬਰ ਮੰਡੀ ਖੋਲ੍ਹੇਗਾ।

Leave a Reply

Your email address will not be published. Required fields are marked *