ਪਟਿਆਲਾ ਜ਼ਿਲ੍ਹੇ ’ਚ ਝੱਖੜ ਕਾਰਨ 7 ਮੌਤਾਂ, ਕਈ ਜ਼ਖ਼ਮੀ ਤੇ ਬਿਜਲੀ ਗੁੱਲ

ਪਟਿਆਲਾ/ਰਾਜਪੁਰਾ: ਲੰਘੀ ਰਾਤ ਤੇਜ਼ ਝੱਖੜ ਨੇ ਪਟਿਆਲਾ ਜ਼ਿਲ੍ਹੇ ’ਚ ਸੱਤ ਵਿਅਕਤੀਆਂ ਦੀ ਜਾਨ ਲੈ ਲਈ, ਜਦਕਿ ਕਈ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹੋਰ ਮਾਲੀ ਨੁਕਸਾਨ ਵੀ ਹੋਇਆ ਹੈ। ਪਟਿਆਲਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ। ਇਹ ਝੱਖੜ ਵੀਰਵਾਰ ਰਾਤੀਂ ਨੌੰ ਵਜੇ ਤੋਂ ਬਾਅਦ ਆਇਆ, ਜਿਸ ਦੌਰਾਨ ਰਾਜਪੁਰਾ ਨੇੜਲੇ ਪਿੰਡ ਸੈਦਖੇੜੀ ਵਿਖੇ ਝੁੱਗੀ ਵਿਚ ਰਹਿ ਰਹੇ ਪਰਵਾਸੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਕਿਉਂਕਿ ਇਸ ਝੁੱਗੀ ਦੇ ਦੁਆਲੇ ਬਣੀ ਚਾਰਦੀਵਾਰੀ ਉਨ੍ਹਾਂ ਦੇ ਉਪਰ ਡਿੱਗ ਗਈ। ਮ੍ਰਿਤਕਾਂ ’ਚ ਦੋ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਸ਼ਾਮਲ ਹਨ।

ਇਸੇ ਤਰ੍ਹਾਂ ਪਟਿਆਲਾ- ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਗੰਡਾਖੇੜੀ ਵਿਖੇ ਖੇਤਾਂ ਵਿੱਚ ਮੋਟਰ ਵਾਲਾ ਕੋਠਾ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਰਾਜਪੁਰਾ ਵਿੱਚ ਹੀ ਇੱਕ ਹੋਰ ਮੌਤ ਬੱਬਰ ਢਾਬੇ ਦੇ ਨਜ਼ਦੀਕ ਹੋਈ। ਇਥੇ ਇਕ ਵਿਅਕਤੀ ਝੱਖੜ ਤੋਂ ਬਚਣ ਲਈ ਕੰਟੇਨਰ ਦੀ ਓਟ ਵਿੱਚ ਖੜ੍ਹਾ ਗਿਆ ਪਰ ਝੱਖੜ ਇੰਨੀ ਜ਼ਿਆਦਾ ਗਤੀ ਨਾਲ ਆਇਆ ਕਿ ਉਸ ਨੇ ਕੰਟੇਨਰ ਹੀ ਪਲਟਾ ਦਿੱਤਾ, ਜਿਸ ਕਾਰਨ ਓਟ ਵਿਚ ਖੜੇ ਵਿਅਕਤੀ ਦੀ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਪਟਿਆਲਾ ਦੇ ਸਨੌਰ ਵਿਖੇ ਵੀ ਬੋਸਰ ਰੋਡ ‘ਤੇ ਸਥਿਤ ਕੰਧ ਡਿਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਕੰਧਾਂ ਅਤੇ ਛੱਤਾਂ ਡਿੱਗਣ ਕਾਰਨ ਦਸ ਦੇ ਕਰੀਬ ਹੋਰ ਵਿਅਕਤੀਆਂ ਨੂੰ ਸੱਟਾਂ ਵੱਜਣ ਦਾ ਸਮਾਚਾਰ ਹੈ, ਜਦਕਿ ਇਸ ਝੱਖੜ ਨੇ ਹੋਰ ਵੀ ਕਈ ਤਰ੍ਹਾਂ ਦਾ ਨੁਕਸਾਨ ਕੀਤਾ ਜਿਸ ਦੇ ਅੰਦਾਜ਼ੇ ਲਾਏ ਜਾ ਰਹੇ ਹਨ।

ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਝੱਖੜ ਅਤੇ ਮੀਂਹ ਕਾਰਨ ਇਸ ਇਲਾਕੇ ਵਿੱਚ ਦਰੱਖਤਾਂ, ਸੈੱਡਾਂ ਅਤੇ ਗੁਦਾਮਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਵਿੱਚ ਇਸ ਤੇਜ਼ ਝੱਖੜ ਦਾ ਸਭ ਤੋਂ ਵੱਧ ਨਿਸ਼ਾਨਾ ਪਟਿਆਲਾ ਰੋਡ ’ਤੇ ਸਥਿੱਤ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਗੁਦਾਮ ਬਣੇ। ਗੁਦਾਮਾਂ ਵਿੱਚੋਂ ਇਕ ਦਾ ਲੋਹੇ ਦੇ ਮਜ਼ਬੂਤ ਪਿੱਲਰਾਂ ਨਾਲ ਬਣਿਆ ਕਈ ਟਨ ਭਾਰੀ ਸ਼ੈੱਡ ਝੱਖੜ ਨੇ ਪੁੱਟ ਕੇ ਕਾਫੀ ਦੂਰ ਤੱਕ ਹਵਾ ਵਿੱਚ ਉਡਾ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਟਕਾ ਦਿੱਤਾ। ਇਸ ਵੱਡੇ ਤੇ ਭਾਰੀ ਸ਼ੈੱਡ ਦੇ ਦੂਰ ਦੂਰ ਤੱਕ ਖਿੱਲਰੇ ਮਲਬੇ ਨੇ ਸ਼ਹਿਰ ਦੀ ਮੁੱਖ ਬਿਜਲੀ ਸਪਲਾਈ ਦੀ ਲਾਈਨ ਦੇ ਖੰਭੇ ਤੇ ਤਾਰਾਂ ਤੋੜ ਦਿੱਤੀਆਂ । ਇਸ ਤੋਂ ਇਲਾਵਾ ਮੁੱਖ ਮਾਰਗ ਦੇ ਪਿੱਲਰ ਵੀ ਤੋੜ ਦਿੱਤੇ। ਵੇਅਰਹਾਊਸ ਦੇ ਮੈਨੇਜਰ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਝੱਖੜ ਪਹਿਲੀ ਵਾਰ ਦੇਖਿਆ ਹੈ। ਇਸ ਤੋਂ ਇਲਾਵਾ ਇਲਾਕੇ ਵਿੱਚ ਸੈਂਕੜੇ ਦਰੱਖਤ ਇਸ ਝੱਖੜ ਦੀ ਮਾਰ ਹੇਠ ਆ ਗਏ ਹਨ।

Leave a Reply

Your email address will not be published. Required fields are marked *