ਤੀਆਂ ਦਾ ਮੇਲਾ ਵੀ ਲੱਗਦਾ ਸਾਊਥਾਲ ਤੇ ਖੂਬ ਅੱਡੀ ਵੀ ਖੜਕਦੀ ਮੁਟਿਆਰਾਂ ਦੀ-ਮਨਦੀਪ ਕੌਰ ਭੰਡਾਲ

ਸਾਊਥ ਹਾਲ ਦੇ ਗੁਰੂਦੁਆਰਿਆਂ ਦੀ ਗੱਲ ਕੀਤੇ ਬਿਨਾਂ ਸਾਊਥਹਾਲ ਦਾ ਜਿਕਰ ਅਧੂਰਾ ਹੈ। ਸਾਊਥਹਾਲ ਚ ਕੁੱਲ ਮਿਲਾ ਕੇ ਸੱਤ ਕੁ ਗੁਰੂਦੁਆਰੇ ਹਨ। ਨਾਨਕਸਰੀਆਂ ਦਾ ਗੁਰੂਦੁਆਰਾ ਲੇਡੀ ਮਾਰਗਰੇਟ ਰੋਡ , ਸਿੰਘ ਸਭਾ ਗੁਰੂਦੁਆਰਾ ਪਾਰਕ ਐਵੀਨਿਊ , ਮੀਰੀ ਪੀਰੀ ਗੁਰੂਦੁਆਰਾ ਸਾਊਥਾਲ ਬਰੌਡ ਵੇਅ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਰੋਡ ਸਾਊਥਾਲ ,ਗੁਰੂਦਵਾਰਾ ਭਗਤ ਸ੍ਰੀ ਰਵਿਦਾਸ ਜੀ ਵੈਸਟਰਨ ਰੋਡ ਸਾਊਥਾਲ, ਗੁਰੂ ਅਮਰਦਾਸ ਗੁਰੂਦੁਆਰਾ ਕਲਿੱਫਟਨ ਰੋਡ ,ਗੁਰੂਦੁਆਰਾ ਗੁਰੂ ਨਾਨਕ ਦਰਬਾਰ ਕਿੰਗ ਸਟ੍ਰੀਟ । ਸਾਰੇ ਗੁਰੂ ਘਰਾਂ ਦੀ ਰੌਣਕ ਦੇਖਣਯੋਗ ਅਤੇ ਗੁਰੂਦੁਆਰਿਆਂ ਦਾ ਬਹੁਤ ਵੱਡਾ ਰੋਲ ਹੈ ਧਰਮ , ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ । ਪੰਜਾਬੀ ਦੇ ਸਕੂਲ ਗੁਰੂਦੁਆਰਿਆਂ ਵਿੱਚ ਹੀ ਸ਼ਨੀਵਾਰ ਅਤੇ ਐਤਵਾਰ ਚੱਲਦੇ ਹਨ ਅਤੇ ਇੱਥੇ ਹੀ ਵਿਦਿਆਰਥੀ ਜੀ.ਸੀ.ਐੱਸ.ਸੀ( ਮੈਟ੍ਰਿਕ) ਅਤੇ ਏ. ਲੈਵਲਜ਼ (ਜਿਵੇਂ ਪਲੱਸ ਵੰਨ ਤੇ ਟੂਅ ) ਕਰਦੇ ਹਨ । ਇਹਨਾਂ ਦਾ ਸਾਰਾ ਪ੍ਰਬੰਧ ਗੁਰੂਦੁਆਰਾ ਕਮੇਟੀਆਂ ਕਰਦੀਆਂ ਹਨ ਅਤੇ ਲੋਕਲ ਕਾਊਂਸਲ ਵੀ ਮੱਦਦ ਦਿੰਦੀ ਹੈ ਫੇਥ ਸਕੂਲਾਂ ਨੂੰ । ਗੁਰਦੁਆਰਿਆਂ ਵਿੱਚ ਹੋਰ ਵੀ ਬਹੁਤ ਕੁਛ ਹੁੰਦਾ ਹੈ ਹਾਰਮੋਨੀਅਮ ਕਲਾਸਾਂ, ਤਬਲਾ ਕਲਾਸਾਂ, ਗੁਰਬਾਣੀ ਦੀ ਸਿੱਖਿਆ , ਕੀਰਤਨ ਸਿੱਖਿਆ, ਗੱਤਕਾ ਕਲਾਸਾਂ ਅਤੇ ਮੈਟਰੀਮੋਨੀਅਲ ਸਰਵਸਜ਼( ਪੇਡ ਮੈਂਬਰਸ਼ਿੱਪ ) ਯੋਗਾ ਕਲਾਸਾਂ, ਕਰਾਟੇ ਕਲਾਸਾਂ ਆਦਿ ।ਕਿੰਗ ਸਟ੍ਰੀਟ ਵਾਲੇ ਗੁਰੂ-ਘਰ ਦੇ ਸਾਹਮਣੇ ਵਾਲੇ ਵਿਹੜੇ ਵਿੱਚ ਬਾਬਿਆਂ ਦੀ ਢਾਣੀ ਵੀ ਬੈਠਦੀ ਹੈ , ਬਹੁਤ ਕੁਝ ਪਿੰਡ ਦਾ ਯਾਦ ਆਉਂਦਾ ਹੈ ਇਹੋ ਜਿਹੀਆਂ ਗੱਲਾਂ ਦੇਖ ਕੇ !
ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਅਤੇ ਵਿਸਾਖੀ ਦੇ ਨਗਰ ਕੀਰਤਨ ਵਾਲੇ ਦਿਨਾਂ ਤੇ ਜੇ ਇਹ ਕਹਿ ਦੇਵਾਂ ਕਿ ਸਾਊਥਾਲ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਕੋਈ ਅਤਿਕਥਨੀ ਨਹੀਂ ਹੈ । ਬਹੁਤ ਹੀ ਵੱਡਾ ਦਿਨ ਹੁੰਦਾ ਹੈ । ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ । ਪ੍ਰਬੰਧ ਬਹੁਤ ਸਖ਼ਤ ਹੁੰਦਾ ਹੈ , ਪੁਲਿਸ ਦੀ ਸੁਹਿਰਦਤਾ ਕਾਬਲ -ਏ -ਤਾਰੀਫ਼ ਹੁੰਦੀ ਹੈ । ਇਸ ਤੋਂ ਇਲਾਵਾ ਫ਼ਸਟ ਏਡ ਪੂਰੀ ਤਿਆਰ ਬਰ ਤਿਆਰ ਹੋ ਕੇ ਕੀਰਤਨ ਦੇ ਨਾਲ ਨਾਲ ਚਲਦੀ ਹੈ । ਲੰਗਰਾਂ ਦੀ ਸੇਵਾ ਬੇਅੰਤ ਹੁੰਦੀ ਹੈ । ਦੂਰੋਂ ਲੋਕ ਸਾਊਥਾਲ ਆਉਂਦੇ ਹਨ ਇਹਨਾਂ ਦਿਨਾਂ ਦੀ ਵਿਸ਼ੇਸ਼ਤਾ ਨੂੰ ਦੇਖਣ ਦੇ ਲਈ । ਬੱਸਾਂ ਦੀ ਐਂਟਰੀ ਨਹੀਂ ਹੁੰਦੀ ਇਹਨਾਂ ਨਗਰ ਕੀਰਤਨਾਂ ਵਾਲੇ ਦਿਨਾਂ ਤੇ ਅਤੇ ਮੁੱਖ ਸੜਕਾਂ ਤੇ ਕਈ ਦਿਨ ਪਹਿਲਾਂ ਹੀ ਸੂਚਨਾ ਬੋਰਡ ਲੱਗੇ ਹੁੰਦੇ ਹਨ “ ਡੀਲੇਅ ਪੌਸੀਬਲ ਡਿਊ ਟੂਅ ਈਵੈਂਟ “ ! ਹਰ ਪਾਸੇ ਕੇਸਰੀ ਰੰਗ ਹੀ ਦਿਖਾਈ ਦਿੰਦਾ ਹੈ ਓਸ ਦਿਨ ।
ਵਿਆਹ ਸ਼ਾਦੀਆਂ ਦੇ ਗੁਰੂਦੁਆਰਿਆਂ ਵਿੱਚ ਬਹੁਤ ਸਾਰੇ ਕੰਮ ਹੁੰਦੇ ਹਨ । ਬੀਬੀਆਂ ਮਿਲ ਜੁਲ ਕੇ ਆਪੇ ਭਾਜੀ (ਲੱਡੂ ਅਤੇ ਮਿੱਠੀ ਸੀਰਨੀ (ਖ਼ੁਰਮੇ ) ਪਕੌੜੀਆਂ , ਗੋਗਲੇ ( ਦੁਆਬੇ ਵਿੱਚ ਗੋਗਲੇ ਅਤੇ ਸੀਰਨੀ ਕਹਿੰਦੇ ਹਨ)ਆਦਿ ਬਣਾ ਲੈਂਦੀਆਂ ਹਨ ਅਤੇ ਜੋ ਵੀ ਕੀਮਤ , ਲਾਗਤ ਆਉਂਦੀ ਹੈ ਦੇ ਦਿੱਤੀ ਜਾਂਦੀ ਹੈ । ਇਸ ਨਾਲ ਬੀਬੀਆਂ ਦਾ ਵੀ ਸਮਾਂ ਸੋਹਣਾ ਲੰਘ ਜਾਂਦਾ ਹੈ ਅਤੇ ਗੁਰੂ-ਘਰਾਂ ਨੂੰ ਵੀ ਆਮਦਨ ਹੋ ਜਾਂਦੀ ਹੈ । ਕਈ ਗੁਰੂਦੁਆਰਿਆਂ ਵਿੱਚ ਸਮੋਸੇ ਤੇ ਸਪ੍ਰਿੰਗ ਰੋਲ ਵੀ ਬਣਾਏ ਜਾਂਦੇ ਹਨ ਅਤੇ ਇਹ ਵੀ ਗੁਰੂਦੁਆਰੇ ਦੀ ਆਮਦਨ ਵਿੱਚ ਵਾਧਾ ਕਰਦੇ ਹਨ , ਘਰ ਪ੍ਰਾਹੁਣੇ ਆਉਣੇ ਹੋਣ ਤਾਂ ਪਹਿਲਾਂ ਗੁਰੂਦੁਆਰੇ ਦੱਸ ਦਿਓ ਅਤੇ ਕੱਚੇ ਜਾਂ ਪੱਕੇ ਦੋਵੇਂ ਤਰ੍ਹਾਂ ਦੇ ਮਿਲ ਜਾਂਦੇ ਹਨ । ਗੁਰੂਦੁਆਰਿਆਂ ਦੇ ਲੰਗਰ ਵੀ ਬਹੁਤ ਵਧੀਆ ਤਰੀਕੇ ਨਾਲ ਮਿਲ ਜੁਲ ਕੇ ਬਣਦੇ ਹਾਂ । ਪਾਰਕ ਐਵੀਨਿਊ ਗੁਰੂਦੁਆਰਾ ਸਾਹਿਬ ਤੜਕੇ ਇੱਕ ਵਜੇ ਖੁੱਲ ਜਾਂਦਾ ਹੈ ਸੇਵਾ ਕਰਨ ਵਾਲਿਆਂ ਲਈ । ਇੱਕ ਬਾਬਾ ਜੀ ਹਾਊਂਸਲੋ ਤੋਂ ਸਾਊਥਾਲ ਹਰ ਰੋਜ ਬੱਸ ਚੜ੍ਹ ਕੇ ਤੜਕੇ ਚਾਰ ਵਜੇ ਆ ਕੇ ਪਿਆਜ਼ ਅਤੇ ਸਬਜ਼ੀਆਂ ਕੱਟਣ ਦੀ ਸੇਵਾ ਲਗਾਤਾਰ ਕਰ ਰਹੇ ਹਨ । ਕਈ ਮਾਤਾਵਾਂ ਤੋਂ ਤੁਰ ਵੀ ਨਹੀਂ ਹੁੰਦਾ ਅਤੇ ਸੇਵਾ ਭਾਵਨਾ ਦਾ ਇਰਾਦਾ ਜਾਬਾਜ਼ ਹੈ ! ਸਿਜਦਾ ਕਰਦੀ ਹਾਂ ਇਹਨਾਂ ਬੀਬੀਆਂ ਅਤੇ ਬਾਬਿਆਂ ਨੂੰ !
ਇੱਥੇ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਬੀਬੀਆਂ ਪੰਜਾਬੀ ਸੂਟ ਪਹਿਨ ਕੇ ਹੀ ਜਾਂਦੀਆਂ ਹਨ । ਪੈਂਟਾਂ ਅਤੇ ਜੀਨਾਂ ਨੂੰ ਗੁਰਦੁਆਰੇ ਪਹਿਨ ਕੇ ਜਾਣਾ ਅਸੱਭਿਅਕ ਮੰਨਿਆ ਜਾਂਦਾ ਹੈ । ਕਈ ਗੁਰੂਦੁਆਰਿਆਂ ਵਿੱਚ ਚਮਕਦੇ ਹੋਏ ਸੋਹਣੇ ਸੂਟ ਵੀ ਪਾਏ ਜਾਂਦੇ ਹਨ ਅਤੇ ਕਈਆਂ ਵਿੱਚ ਬਿਲਕੁਲ ਹੀ ਸਾਦੇ ਪਾਉਂਦੀਆਂ ਹਨ ।

ਦੇਸੀ ਰੇਡੀਓ ਸਾਊਥਾਲ ਤੋਂ ਚੱਲਦਾ ਹੈ ਸੱਤੇ ਦਿਨ । ਪੰਜਾਬੀ ਮਾਂ ਬੋਲੀ ਦੀ ਸੇਵਾ ਗਰਬਾਣੀ , ਪਾਠ ਅਤੇ ਕੀਰਤਨ ਤੋਂ ਇਲਾਵਾ ਰੰਗਾ ਰੰਗ ਪ੍ਰੋਗਰਾਮ ਵੀ ਸੁਣਦੇ ਹਾਂ । ਤੀਆਂ ਦਾ ਮੇਲਾ ਵੀ ਸਾਊਥਾਲ ਲੱਗਦਾ ਹੈ ਅੱਡੀ ਵੀ ਖ਼ੂਬ ਖੜਕਦੀ ਹੈ ਮੁਟਿਆਰਾਂ ਦੀ । ਕਈ ਵਾਰ ਬੁੜੀਆਂ ਤੇ ਮੁਟਿਆਰਾਂ ਦਾ ਮੁਕਾਬਲਾ ਵੀ ਹੋ ਜਾਂਦਾ ਗਿੱਧਿਆਂ ਵਿੱਚ ਜਿਵੇਂ ਇੱਕ ਵਾਰ ਮੇਰੀ ਭੂਆ ਦੀ ਕੁੜੀ ਸ਼ਮਨ ( ਸ਼ਮਨ ਵੀ ਸਿਰਾ ਗਿੱਧੇ ਦਾ)ਦਾ ਹੋਇਆ ਸੀ ਮੇਰੀ ਮਾਸੀ ਨਾਲ , ਮਾਸੀ ਕਾਹਦੀ ਸੀ ਲੋਹੇ ਦੀ ਲੱਠ ਸੀ । ਸ਼ਮਨ ਵੀ ਮੈਦਾਨ ਵਿੱਚ ਉੱਤਰ ਆਈ ਤੇ ਮਾਸੀ ਵੀ ! ਬੱਸ ਕੀ ਸੀ ਮਾਸੀ ਨੂੰ ਚੜ੍ਹ ਗਈ ਜਵਾਨੀ , ਸ਼ਮਨ ਨੂੰ ਟੱਕਰ ਦੇਣ ਲਈ ਕਹਿੰਦੀ “ ਆਜਾ ਕੁੜੀਏ ! ਬੁੜੀ ਨਾ ਜਾਣੀਂ !” ਬੋਲੀ ਪਾ ਦਿੱਤੀ

“ ਸਿੰਘਾਂ ਲਿਆ ਬੱਕਰੀ ਦੁੱਧ ਰਿੜਕਾਂਗੇ “

ਇਸ ਬੋਲੀ ਨਾਲ ਛਾਲਾਂ ਮਾਰੀਆਂ ਦੋਹਾਂ ਨੇ ਨਾਲੇ ਚੁੰਨੀ ਨਾਲ ਮੂੰਹ ਢੱਕ ਕੇ ਫੂੰਅ ਫੂੰਅ ਕਰਕੇ ਕੋਠਾ ਸਿਰ ਤੇ ਚੱਕ ਲਿਆ !!! ਓਹ ਗਿੱਧਾ ਮੇਰੀਆਂ ਤਾਈਆਂ ਦੇ ਗਿੱਧੇ ਦੇ ਦੂਜੇ ਨੰਬਰ ਤੇ ਆਉਂਦਾ ਹੈ , ਅਜੇ ਤੱਕ ਤਾਈਆਂ ਦਾ ਰਿਕਾਰਡ ਟੁੱਟਿਆ ਨਹੀਂ ਜੇ ਟੁੱਟ ਗਿਆ ਤਾਂ ਕਹਿ ਨਹੀਂ ਸਕਦੀ । ਇੱਕ ਹਿੱਟ ਬੋਲੀ ਮੇਰੀਆਂ ਤਾਈਆਂ ਦੀ ਸਾਂਝੀ ਕਰ ਹੀ ਦਿੰਦੀ ਹਾਂ

“ ਹੋਰਨਾ ਨੇ ਪੀਤੀ ਕੌਲੀਆਂ ਗਲਾਸਾਂ ਨਾਲ …
ਮੱਘਰ ਨੇ ਪੀਤੀ ਬਾਟੇ ਨਾਲ……………….,
ਚੜ੍ਹ ਗਈ ਓਏ ਫਰਾਟੇ ਨਾਲ….. ……….।”

ਕਈ ਵਾਰ ਬੰਦਿਆਂ ਵਾਲਾਂ ਰੋਲ ਗਿੱਧੇ ਵਿੱਚ ਕਰਨ ਲਈ ਪੱਗਾਂ ਵੀ ਬੰਨ੍ਹ ਲੈਂਦੀਆਂ ਸੀ , ਫੇਰ ਤਾਂ ਹਾਸਾ ਰੁੱਕਣਾ ਔਖਾ ਹੋ ਜਾਂਦਾ ਸੀ ।

ਸਾਊਥਾਲ ਦੇ ਬੰਨੇ ਤੇ ਹੀ ਹੇਜ਼ ਸ਼ਹਿਰ ਹੈ,ਇੱਥੋਂ ਪੰਜਾਬ ਰੇਡੀਓ ਚੱਲਦਾ ਹੈ ਸਪ੍ਰਿੰਗ ਫੀਲਡ ਰੋਡ ਤੋਂ , ਇਹ ਵੀ ਸਾਲਾਨਾ ਫੰਕਸ਼ਨ ਕਰਦੇ ਹਾਂ, 2019 ਦੀਆਂ ਗਰਮੀਆਂ ਵਿੱਚ ਅਸੀਂ ਵੀ ਖਾਣ ਪੀਣ ਦੇ ਮਾਰੇ ਕੁੜੀਆਂ ਇਕੱਠੀਆਂ ਹੋ ਕੇ ਜਾ ਵੜੀਆਂ ਇੱਥੇ , ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹਨ । ਇੱਥੇ ਦੇਸੀ ਸਾਮਾਨ ਦੀਆਂ ਮਸ਼ਹੂਰੀਆਂ ਲਈ ਸਟਾਲਾਂ ਵੀ ਲੱਗੀਆਂ ਹੋਈਆਂ ਸਨ । ਅਸੀਂ ਆਟੇ ਵਾਲੀ ਸਟਾਲ ਤੇ ਚਲੇ ਗਏ , ਓਹ ਰੋਟੀਆਂ ਤਾਜ਼ੀਆਂ ਗਰਮ ਗਰਮ ਬਣਾ ਬਣਾ ਕੇ ਖਵਾਉਣ । ਅਸੀਂ ਵੀ ਰੱਜ ਗਏ ਖਾ ਖਾ ਕੇ । ਇੱਕ ਆਂਟੀ ਆ ਕੇ ਬਹਿ ਗਈ ਸਾਡੇ ਕੋਲ , ਬੱਸ ਗੱਲਾਂ ਨਾ ਮੁਕਾਵੇ , ਨਾਹੀ ਹਿੱਲਣ ਦੇਵੇ । ਮੇਰੀ ਸਹੇਲੀ ਕਹਿੰਦੀ ਹੁਣ ਉੱਠ ਚੱਲੀਏ, ਮੈਂ ਕਿਹਾ ਐਵੇਂ ਕਿਵੇਂ ਉੱਠ ਸਕਦੇ ਹਾਂ , ਰੂਡ ਲੱਗਦਾ ਹੈ , ਹਾਰ ਕੇ ਗੱਲਾਂ ਮੁੱਕਣ ਹੀ ਨਾ , ਮਨਜੀਤ ਮੇਰੀ ਸਹੇਲੀ ਕਹਿੰਦੀ , “ ਆਂਟੀ ਨੂੰ ਨਾਲ ਹੀ ਲੈ ਚੱਲ !” ਆਂਟੀ ਮੰਨ ਗਈ , ਬੱਸ ਅਸੀਂ ਬਹੁਤ ਘੁੰਮੇ ਕਾਰ ਵਿੱਚ , ਰਾਤ ਦੇ ਬਾਰਾਂ ਵਜੇ ਆਂਟੀ ਨੂੰ ਘਰ ਛੱਡ ਕੇ ਆਉਣਾ ਪਿਆ, ਓਹ ਰਾਤ ਮੈਂ ਗੱਡੀ ਮੋੜ ਕੇ ਗੱਡੀ ਵਿੱਚ ਵੀ ਬਹਿ ਗਈ , ਆਂਟੀ ਮਨਜੀਤ ਨੂੰ ਲੈ ਕੇ ਫੇਰ ਖੜ ਗਈ ਸੜਕ ਕੇ । ਮੇਰੀਆਂ ਹੱਸ ਹੱਸ ਬੱਖੀਆਂ ਦੁਖਣ ਲੱਗ ਗਈਆਂ , ਮਨਜੀਤ ਹੱਥ ਬੰਨੇ ਆਂਟੀ ਮਨਦੀਪ ਕਾਰ ਵਿੱਚ ਬੈਠ ਗਈ , ਆਪਾਂ ਫੇਰ ਮਿਲਾਂਗੇ ! ਮੈਂ ਕਾਰ ਵਿੱਚ ਬੈਠੀ ਨੇ ਆਂਟੀ ਦੀ ਅਤੇ ਮਨਜੀਤ ਦੀ ਫੋਟੋ ਵੀ ਖਿੱਚ ਲਈ । ਸਾਊਥਾਲ ਵੀ ਇੱਕ ਅਜਿਹੀ ਹੀ ਥਾਂ ਹੈ ਜਿੱਥੇ ਪੰਜਾਬੀਅਤ ਹਵਾ ਵਿੱਚ ਅਤੇ ਪਾਣੀ ਵਿੱਚ ਹੈ । ਇਹ ਪਿਆਰਾ ਜਿਹਾ ਸ਼ਹਿਰ ਮੇਰਿਆਂ ਚੇਤਿਆਂ ਦੀ ਓਹ ਸੈਰਗਾਹ ਹੈ ਜਿਸਨੂੰ ਮੈਂ ਮਾਨਚੈਸਟਰ ਜਾ ਕੇ ਮਿਸ ਕਰਦੀ ਹਾਂ ।

Leave a Reply

Your email address will not be published. Required fields are marked *