ਉੱਚੀ ਮੌਤ ਦਰ ਕਾਰਨ ‘ਹਾਟਸਪਾਟ’ ‘ਚ ਬਦਲਿਆ ਸੱਭ ਤੋਂ ਸੋਹਣਾ ਸ਼ਹਿਰ

ਇੰਦੌਰ : ਆਰਥਕ, ਸਮਾਜਕ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਮੇਸ਼ਾ ਗੁਲਜ਼ਾਰ ਰਹਿਣ ਵਾਲਾ ਮੱਧ ਪ੍ਰਦੇਸ਼ ਦਾ ਸੱਭ ਤੋਂ ਵੱਡਾ ਅਤੇ ਸੋਹਣਾ ਸ਼ਹਿਰ ਇੰਦੌਰ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਹਫ਼ਤੇ ਭਰ ਤੋਂ ਕਰਫ਼ੀਊ ਦੇ ਸਖ਼ਤ ਘੇਰੇ ਵਿਚ ਹੈ। ਤਮਾਮ ਕਵਾਇਦਾਂ ਦੇ ਬਾਵਜੂਦ ਸਰਕਾਰੀ ਤੰਤਰ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਸ਼ਹਿਰ ਵਿਚ ਇਸ ਮਹਾਮਾਰੀ ਦਾ ਨਾ ਸਿਰਫ਼ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ ਸਗੋਂ ਮਰੀਜ਼ਾਂ ਦੀ ਮੌਤ ਦਰ ਵੀ ਕਾਫ਼ੀ ਉੱਚੀ ਹੈ।

ਵੀਰਵਾਰ ਸਵੇਰ ਤਕ ਇੰਦੌਰ ਵਿਚ ਕੋਰੋਨਾ ਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 213 ਅਤੇ ਮਰਨ ਵਾਲਿਆਂ ਦੀ ਗਿਣਤੀ 22 ਸੀ ਯਾਨੀ ਮੌਤ ਦਰ 10.33 ਫ਼ੀ ਸਦੀ ਸੀ। ਅੰਕੜਿਆਂ ਮੁਤਾਬਕ ਫ਼ਿਲਹਾਲ ਇੰਦੌਰ ਵਿਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਮੌਤ ਦਰ ਕੌਮੀ ਪੱਧਰ ਤੋਂ ਸਾਢੇ ਤਿੰਨ ਗੁਣਾਂ ਜ਼ਿਆਦਾ ਹੈ। ਉਧਰ, ਸਥਾਨਕ ਪ੍ਰਸ਼ਾਸਨ ਨੇ ਦੋਸ਼ ਲਾਇਆ ਕਿ ਉਸ ਨੇ ਸ਼ੁਰੂਆਤੀ ਦੌਰ ਵਿਚ ਕੋਵਿਡ-19 ਨਾਲ ਨਜਿੱਠਣ ਵਿਚ ਢੁਕਵੀਂ ਰਣਨੀਤੀ ਨਹੀਂ ਅਪਣਾਈ ਜਿਸ ਕਾਰਨ ਸ਼ਹਿਰ ਵਿਚ ਇਸ ਮਹਾਮਾਰੀ ਦਾ ਖ਼ਤਰਾ ਵਧਦਾ ਚਲਾ ਗਿਆ।

ਸਿਹਤ ਖੇਤਰ ਵਿਚ ਕੰਮ ਕਰਨ ਵਾਲੇ ਸਮਾਜਕ ਕਾਰਕੁਨ ਅਮੁਲਯ ਨਿਧੀ ਨੇ ਕਿਹਾ, ‘ਮਹਾਰਾਸ਼ਟਰ, ਰਾਜਸਥਾਨ ਅਤੇ ਗੁਜਰਾਤ ਜਿਹੇ ਗੁਆਂਢੀ ਰਾਜਾਂ ਵਿਚ ਕੋਵਿਡ 19 ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਸ਼ੁਰੂਆਤ ਵਿਚ ਇੰਦੌਰ ਵਿਚ ਸਿਹਤ ਵਿਭਾਗ ਦਾ ਜ਼ੋਰ ਇਨ੍ਹਾਂ ਯਾਤਰੀਆਂ ਦੀ ਜਾਂਚ ‘ਤੇ ਰਿਹਾ ਜੋ ਹਵਾਈ ਮਾਰਚ ਜ਼ਰੀਏ ਵਿਦੇਸ਼ਾਂ ਤੋਂ ਇਸ ਸ਼ਹਿਰ ਵਿਚ ਆ ਰਹੇ ਸਨ।’ ਉਨ੍ਹਾਂ ਕਿਹਾ, ‘ਇਹ ਫ਼ੈਸਲਾ ਕਰਨ ਵਿਚ ਵੱਡੀ ਕੁਤਾਹੀ ਸੀ ਕਿਉਂਕਿ ਇੰਦੌਰ ਦੇ ਵੱਡੇ ਵਣਜ ਕੇਂਦਰ ਹੋਣ ਕਾਰਨ ਰੇਲ ਅਤੇ ਸੜਕ ਮਾਰਗ ਜ਼ਰੀਏ ਕਈ ਰਾਜਾਂ ਦੇ ਹਜ਼ਾਰਾਂ ਲੋਕਾਂ ਦੀ ਹਰ ਰੋਜ਼ ਸ਼ਹਿਰ ਵਿਚ ਆਵਾਜਾਈ ਹੁੰਦੀ ਹੈ। ਸ਼ੁਰੂਆਤ ਵਿਚ ਅਜਿਹੇ ਲੋਕਾਂ ਦੀ ਕੋਵਿਡ-19 ਦੀ ਜਾਂਚ ਨੂੰ ਤਵੱਜੋ ਨਹੀਂ ਦਿਤੀ ਗਈ। ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ 23 ਮਾਰਚ ਤੋਂ ਤਾਲਬੰਦੀ ਲਾਗੂ ਕਰ ਦਿਤੀ ਸੀ ਪਰ ਕੋਰੋਨਾ ਵਾਇਰਸ ਦੇ ਮਰੀਜ਼ ਮਿਲਦਿਆਂ ਹੀ 25 ਮਾਰਚ ਤੋਂ ਸ਼ਹਿਰੀ ਹੱਦ ਵਿਚ ਕਰਫ਼ੀਊ ਲਾ ਦਿਤਾ ਗਿਆ ਸੀ। ਇਹ ਸ਼ਹਿਰ ਕੌਮੀ ਸਵੱਛਤਾ ਰੈਂਕਿੰਗ ਵਿਚ ਪਿਛਲੇ ਤਿੰਨ ਵਾਰ ਤੋਂ ਲਗਾਤਾਰ ਅੱਵਲ ਰਿਹਾ ਹੈ।

Leave a Reply

Your email address will not be published. Required fields are marked *