ਕੋਰੋਨਾ ਜੰਗ ਦੌਰਾਨ ਬਲੀਦਾਨ ਦੇਣ ਲਈ ਤਿਆਰ ਯੂਪੀ ਦੇ ਹਰਕੀਰਤ ਸਿੰਘ

ਲਖਨਊ: ਕੋਰੋਨਾ ਵਾਇਰਸ ਨੂੰ ਲੈ ਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਇਸ ਸਮੇਂ ਕੁਝ ਲੋਕ ਅਜਿਹੇ ਵੀ ਹਨ ਜੋ ਦੂਜਿਆਂ ਲਈ ਮਿਸਾਲ ਬਣ ਕੇ ਖੜ੍ਹੇ ਹੋ ਰਹੇ ਹਨ। ਇਹਨਾਂ ਵਿਚ ਸਭ ਤੋਂ ਅੱਗੇ ਹਨ ਪ੍ਰਯਾਗਰਾਜ ਨਿਵਾਸੀ ਹਰਕੀਰਤ ਸਿਘ। ਕੋਰੋਨਾ ਜੰਗ ਦੌਰਾਨ ਹਰਕੀਰਤ ਸਿੰਘ ਨੇ ਵੱਡਾ ਬਲੀਦਾਨ ਦੇਣ ਦਾ ਐਲਾਨ ਕੀਤਾ ਹੈ। 

ਉਹਨਾਂ ਨੇ ਇਸ ਸਬੰਧੀ ਸੰਸਦ ਮੈਂਬਰ, ਵਿਧਾਇਕ, ਮੁੱਖ ਸਕੱਤਰ, ਜਿਲਾ ਅਧਿਕਾਰੀ, ਮਿਸ਼ਨ ਨਿਰਦੇਸ਼ਰ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਉਹਨਾਂ ਨੇ ਲਿਖਿਆ ਹੈ ਕਿ ਇਹ ਵਾਇਰਸ ਪੂਰੀ ਦੁਨੀਆ ਨੂੰ ਅਪਣੀ ਚਪੇਟ ਵਿਚ ਲੈ ਰਿਹਾ ਹੈ। ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ। 

ਅਜਿਹੇ ਵਿਚ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਉਹ ਬੇਨਤੀ ਕਰਦੇ ਹਨ ਕਿ ਜੇਕਰ ਕੋਵਿਡ-19 ਮਹਾਮਾਰੀ ਦੀ ਵੈਕਸੀਨ ਪਰੀਖਣ ਜਾਂ ਖੋਜ ਲਈ ਕਿਸੇ ਮਨੁੱਖੀ ਸਰੀਰ ਦੀ ਲੋੜ ਪੈਂਦੀ ਹੈ ਤਾਂ ਉਹ ਅਪਣੇ ਆਪ ਨੂੰ ਸਮਰਪਿਤ ਕਰਨ ਲਈ ਤਿਆਰ ਹਨ। 

ਚਿੱਠੀ ਦੇ ਅਖੀਰ ਵਿਚ ਉਹਨਾਂ ਨੇ ਲਿਖਿਆ, ‘ਦੇਹ ਸਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂ ਨ ਟਰੋਂ’॥ ਮੀਡੀਆ ਰਿਪੋਰਟ ਅਨੁਸਾਰ ਹਰਕੀਰਤ ਸਿੰਘ ਨੇ ਦੱਸਿਆ ਕਿ ਭਾਰਤ ਸਮੇਤ ਕਈ ਦੇਸ਼ ਇਸ ਬਿਮਾਰੀ ਦੇ ਇਲਾਜ ਲਈ ਲਗਾਤਾਰ ਖੋਜ ਕਰ ਰਹੇ ਹਨ। ਇਸ ਕੰਮ ਵਿਚ ਸਹਿਯੋਗ ਦੇਣ ਲਈ ਉਹ ਅਪਣਾ ਇਕ ਛੋਟਾ ਜਿਹਾ ਯੋਗਦਾਨ ਦੇਣਾ ਚਾਹੁੰਦੇ ਹਨ। 

ਉਹਨਾਂ ਕਿਹਾ ਕਿ ਭਾਰਤ ਵਿਚ ਜਾਂ ਵਿਦੇਸ਼ ਵਿਚ ਜਿੱਥੇ ਵੀ ਮਨੁੱਖੀ ਸਰੀਰ ਦੀ ਲੋੜ ਹੋਵੇਗੀ, ਉਹ ਇਸ ਲਈ ਤਿਆਰ ਹੋਣਗੇ।ਹਰਕੀਰਤ ਸਿੰਘ ਨੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਲਖੀਮਪੁਰ ਵਿਚ ਜ਼ਿਲ੍ਹਾ ਮੈਨੇਜਰ ਵਜੋਂ ਸੇਵਾਵਾਂ ਨਿਭਾਈਆਂ ਹਨ।

ਇਸ ਦੇ ਨਾਲ ਹੀ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਯੁਵਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਇਸ ਸਮੇਂ ਆਪਣੇ ਪਿਤਾ ਅਤੇ ਭਰਾ ਦੇ ਨਾਲ ਪ੍ਰਯਾਗਰਾਜ ਰਹਿ ਰਹੇ ਹਨ।

Leave a Reply

Your email address will not be published. Required fields are marked *