ਕੁੜੀਓ ਪਸੰਦ ਕਰਲੋ”-ਅਮਨਦੀਪ ਕੌਰ ਸੰਧੂ

“ਕੁੜੀਓ ਪਸੰਦ ਕਰਲੋ”ਉਪਰੋਕਤ ਪੰਕਤੀਆਂ ਪੰਜਾਬੀ ਲੋਕ ਬੋਲੀ ਦੇ ਬੋਲ ਹਨ । ਇਹ ਬੋਲੀ ਮੈਂ ਆਪਣੀ 83 ਸਾਲ ਦੀ ਦਾਦੀ ਤੋਂ ਸੁਣੀ ਹੈ । ਪਰ ਦਾਦੀ ਮੰਮਾ ਨੂੰ ਵੀ ਨਹੀਂ ਪਤਾ ਕਿ ਓਹਨਾਂ ਨੇ ਕਦੋਂ ਸੁਣੀ ਸੀ । ਸੋ ਇਸ ਪਿਆਰੀ ਜਿਹੀ ਲੋਕ ਬੋਲੀ ਦੀ ਉਮਰ ਦਾ ਕੋਈ ਅਤਾ-ਪਤਾ ਨਹੀਂ ਹੈ । ਮੈਂ ਬੇਜੀ ਤੋਂ ਪੁੱਛਿਆ ਵੀ ਸੀ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਇਸ ਬਾਰੇ । ਪਰ ਲੱਗਦਾ ਹੈ ਕਿ ਕੁੜੀਆਂ ਨੂੰ ਆਪਣਾ ਵਰ ਚੁਣਨ ਦੀ ਖੁੱਲੀ ਛੁੱਟੀ ਦੇਣ ਦੀ ਗੱਲ ਕਰਦੀ ਬੋਲੀ ਸਿਰਜੀ ਤਾਂ ਗਈ ਸੀ ਪਰ ਹੁੰਦਾ ਇਸ ਦੇ ਉੁੱਲਟ ਸੀ । ਕੁੜੀਆਂ ਦੇ ਜਨਮ ਤੇ ਨੱਕ-ਬੁੱਲ ਮਾਰਨਾ ਅਤੇ ਕਿਸਮਤ ਨੂੰ ਕੋਸਣਾ ਸਮਾਜ ਅਤੇ ਪਰਿਵਾਰ ਦਾ ਆਮ ਵਰਤਾਰਾ ਸੀ । ਇਹ ਬੋਲੀ ਸਮਾਜ ਦੀ ਓਸ ਸਮੇਂ ਦੀ ਦੋਹਰੀ ਮਾਨਸਿਕਤਾ ਦਾ ਗਵਾਹੀ ਵੀ ਦਿੰਦੀ ਹੈ ।ਇਸ ਦੇ ਨਾਲ ਹੀ ਬੋਲੀ ਦਾ ਅੱਜ ਦੇ ਸਮੇਂ ਵਿੱਚ ਸਾਰਥਿਕ ਹੋਣਾ ਵੀ ਬੋਲੀ ਨੂੰ ਵਿਸ਼ਾ ਦੇਣ ਦਾ ਆਧਾਰ ਬਣ ਗਿਆ ਹੈ ।ਇੱਕ ਦਿਨ ਮੈਂ ਹੱਸ ਕੇ ਆਪਣੀ ਦਾਦੀ ਨੂੰ ਪੁੱਛਿਆ ,” ਬੇਜੀ ਜਦੋਂ ਮੈਂ ਨਿੱਕੀ ਹੁੰਦੀ ਸੀ ਤੁਸੀਂ ਮੈਨੂੰ ਪੁੱਛਦੇ ਸੀ ਇੱਕ ਗੱਲ , ਤਕਰੀਬਨ ਇੱਕ ਵਾਰ ਨਹੀਂ ,ਕਈ ਵਾਰ ,ਕਿ ਦੱਸ ਆਪਣੇ ਕੋਠੇ ਤੇ ਕੀ ਹੈ ? ਮੈਂ ਕਿਹਾ ,” ਚਾਰ ਚਿੜੀਆਂ !” ਫੇਰ ਤੁਸੀ ਦੁਬਾਰਾ ਸਵਾਲ ਵਿੱਚ ਹੇਰ-ਫੇਰ ਕਰਕੇ ਪੁੱਛਿਆ ,” ਮੇਰਾ ਪੁੱਤ ਇਹ ਦੱਸ ਕਿ ਚਿੜੀ ਹੈ ਕਿ ਕਾਂ !” ਭੋਲੀਏ ਦਾਦੀਏ ਤੁਸੀ ਵੀ ਭੋਲੇ ਅੱਗੇ ਪੋਤੀ ਵੀ ਓਦਾਂ ਦੀ !” ਕਾਂ ਕਿੱਥੋਂ ਲਿਆਉਂਦੀ ਜਦ ਹੈ ਹੀ ਨਹੀਂ ਸੀ ਕਿਉਂਕਿ ਕਾਂ ਦੀ ਥਾਂ ਜਿਆਦਤਰ ਬਨੇਰਾ ਹੁੰਦਾ ਹੈ । ਜੇ ਬਨੇਰੇ ਤੇ ਪੁੱਛਦੇ ਤਾਂ ਫੇਰ ਕਾਂ ਕਹਿ ਵੀ ਦਿੰਦੀ ਕਿ ਕਾਂ ਹੈ ਮਾਂ । ਸੋ ਇਹ ਗੱਲ ਮੇਰੀ ਛੋਟੀ ਤਾਈ ਤੇ ਮੇਰੀਆਂ ਭੂਆ ਜੀ ਹੋਰੀਂ ਮੇਰੀ ਛੋਟੀ ਭੈਣ ਰਮਨ ਦੇ ਜਨਮ ਤੋਂ ਪਹਿਲਾਂ ਪੁੱਛਦੀਆਂ ਸਨ । ਇਸੇ ਤਰਾਂ ਮੇਰੀਆਂ ਭੈਣਾਂ ਅਮਨ ਅਤੇ ਗਗਨ ਦੇ ਜਨਮ ਤੋਂ ਪਹਿਲਾਂ ਮੈਨੂੰ ਇਹੀ ਪੁੱਛਿਆ ਜਾਂਦਾ ਸੀ । ਖ਼ੈਰ ਕੁੜੀਆਂ ਬਹੁਤ ਆ ਗਈਆਂ ਘਰ ਵਿੱਚ ਕਿਉਂਕਿ ਮੇਰੀ ਤਾਏ ਦੀ ਬੇਟੀ ਪੰਮੀ ਨੇ ਇਹਨਾਂ ਨੂੰ “ਪੰਜ ਤਿੜੀਆਂ” ਕਿਹਾ ਹੋਇਆ ਸੀ । ਹਾਸਾ ਆਉਂਦਾ ਹੈ ਬਹੁਤ ਕਿ ਇਹਨਾਂ ਨੇ ਕਿਸੇ ਹੋਰ ਨੂੰ ਵੀ ਪੁੱਛਿਆ ਹੋਣਾ ਹੈ ! ਹਾਹਾ ! ਸੋ ਇਹਨਾਂ ਦੇ ਮੇਰੀ ਭੂਆ ਦੀਆਂ ਦੋ ਕੁੜੀਆਂ ਮਿਲਾ ਕੇ 14 ਲੱਛਮੀਆਂ ਆਈਆਂ । ਇਹਨੂੰ ਸਬੱਬ ਹੀ ਕਹਿ ਸਕਦੇ ਹਾਂ ਕਿ ਘਰ ਵਿੱਚ ਕੁੜੀਆਂ ਜੋਟੀ ਬੰਨ੍ਹ ਕੇ ਆਉਂਦੀਆਂ ਰਹੀਆਂ । ਜਦੋਂ ਮੇਰੇ ਤੋਂ ਛੋਟੀ ਰਮਨਦੀਪ ਦਾ ਜਨਮ ਹੋਇਆ ਤਾਂ ਮੇਰੇ ਭੂਆ ਜੀ ਨੂੰ ਰੋਂਦੇ ਦੇਖ ਕੇ ਮੇਰੇ ਦਾਦਾ ਜੀ ਨੇ ਕਿਹਾ ,” ਕੁੜੀਏ ਰੋ ਨਾ ਮੇਰੀ ਪੋਤੀ ਦੇ ਜਨਮ ਤੇ , ਤੂੰ ਵੀ ਤਾਂ ਕੁੜੀ ਹੈਂ ਤੇਰਾ ਵੀ ਤਾਂ ਜਨਮ ਕੁੜੀ ਦੇ ਰੂਪ ਵਿੱਚ ਹੋਇਆ ਹੈ ! ਕੀ ਗੱਲ ਤੈਨੂੰ ਗੰਢ ਦੇ ਕੇ ਸੱਦਿਆ ਸੀ ਰੱਬ ਕੇਲੋਂ !” ਇਸ ਤਰ੍ਹਾਂ ਮੇਰੇ ਦਾਦਾ ਜੀ ਦੀ ਸੋਚ ਸੀ ਸਾਡੇ ਲਈ । ਜਦੋਂ ਅਮਨ ਦਾ ਜਨਮ ਹੋਇਆ ਤਾਂ ਓਹਨੂੰ ਕਹਿੰਦੇ ਰਹੇ ,” ਕੁੜੀਏ ਆਪ ਕਿਓ ਆਈ ,ਵੀਰ ਨੂੰ ਘੱਲ ਦਿੰਦੀ !” ਮੈਨੂੰ ਅਕਸਰ ਕਹਿੰਦੇ ਰਹੇ ਜੇ ਸਾਡੇ ਆਹ ਕੁੜੀ ਦੀ ਜਗ੍ਹਾ ਮੁੰਡਾ ਹੁੰਦਾ ਤਾਂ ਸੋਹਣਾ ਹੋ ਜਾਂਦਾ ! ਰੱਬ ਭੁੱਲ ਜਾਂਦਾ ਕਿਤੇ !” ਖ਼ੈਰ ਸਾਡੇ ਪਾਲਣ-ਪੋਸ਼ਣ ਅਤੇ ਪੜ੍ਹਾਈ ਵੱਲ ਬਹੁਤ ਤਵੱਜੋ ਦਿੱਤੀ ਗਈ । ਪਰ ਵਰ ਚੁਣਨ ਦਾ ਹੱਕ ਨਹੀਂ ਦਿੱਤਾ ਗਿਆ ਪਰਿਵਾਰ ਵੱਲੋਂ ।ਜੁਆਕ ਵੀ ਬਹੁਤ ਚਾਲਾਕ ਹੁੰਦੇ ਹਨ ਜਦੋਂ ਨਵੇਂ ਬੱਚੇ ਘਰ ਵਿੱਚ ਆਉਂਦੇ ਤਾਂ ਅਸੀਂ ਪੁੱਛਦੀਆਂ ,” ਬੇਜੀ ਅਸੀਂ ਕਿੱਥੋਂ ਆਈਆਂ ਸੀ ?” ਬਿਨਾ ਸੋਚੇ ਕਹਿ ਦਿੰਦੇ ਸੀ ਕਿ ਉੱਪਰੋਂ ਡਿੱਗੀਆਂ ਸੀ ਜਾਂ ਡਾਕੀਆ ਲਿਆਇਆ ਸੀ । ਇਹ ਸਾਨੂੰ ਏਦਾਂ ਹੀ ਬੁੱਧੂ ਬਣਾਉਂਦੇ ਰਹੇ ਸਨ । ਭਲਾ ਬੱਚੇ ਦੇ ਸੱਟ ਨਾ ਲੱਗੂ ਜੇ ਉੱਪਰੋਂ ਡਿੱਗੇਗਾ ! ਸੋ ਕਈ ਸਾਲਾਂ ਬਾਦ ਪਤਾ ਲੱਗੀ ਇਹ ਗੋਲ-ਮੋਲ ਜਿਹੀ ਗੱਲ ।ਵਿਸ਼ੇ ਨਾਲ ਸਬੰਧਤ ਬੋਲੀ ਸ਼ਾਇਦ ਕਾਫ਼ੀ ਜ਼ਿਆਦਾ ਅਗਾਂਹਵਧੂ ਹੈ ਜਿਹੜੀ ਕਿ ਪੁਰਾਣੇ ਸਮੇਂ ਵਿੱਚੋਂ ਨਿਕਲ ਕੇ ਅੱਜ-ਕੱਲ੍ਹ ਦੇ ਸਮੇਂ ਵਿੱਚ ਆਖ਼ਿਰ ਸੱਚ ਹੋ ਗਈ ਹੈ ਕਿ ਕੁੜੀਆਂ ਮੁੰਡਿਆਂ ਨੂੰ ਆਪ ਪਸੰਦ ਕਰ ਸਕਦੀਆਂ ਹਨ । ਨਾਲ ਹੀ ਇਹ ਬੋਲੀਆਂ ਲੋਕਾਂ ਨੇ ਪੰਜਾਬੀ ਸਮਾਜ ਦੇ ਬਹੁਤ ਹੀ ਸਾਧਾਰਨ ਭਾਵਾਂ ਦੀ ਕਾਵਿ ਸਿਰਜਣਾ ਕਰਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਦਿੱਤੀਆਂ ਹਨ । ਬਹੁਤ ਹੀ ਪਿਆਰੀ ਬੋਲੀ ਹੈ , ਆਓ ਹੇਠ ਲਿਖੇ ਅਨੁਸਾਰ ਗਾਈਏ:-ਚਾਂਦੀ ਚਾਂਦੀ ਚਾਂਦੀ..,ਕੁੜੀਓ ਪਸੰਦ ਕਰਲੋ,ਗੱਡੀ ਭਰੀ ਮੁੰਡਿਆਂ,ਦੀ ਜਾਂਦੀ…………।ਮੇਰੀ ਦਾਦੀ ਨੇ ਕੱਲ੍ਹ ਆਪ ਹੀ ਕਿਹਾ ,” ਨੀ ਭੈਣੇ , ਬੋਲੀ ਵਾਲੀਆਂ ਗੱਲਾਂ ਅੱਜ ਸੱਚ ਹੋ ਗਈਆਂ ਹਨ, ਓਸ ਜ਼ਮਾਨੇ ਵਿੱਚ ਨਹੀਂ ਸੀ ।” ਕੁੜੀ ਲਈ ਮੁੰਡਾ ਦੇਖਣਾ, ਸੰਗਣਾ ਅਤੇ ਆਨੇ-ਬਹਾਨੇ ਆਪਣੇ ਪ੍ਰਾਹੁਣੇ ਦੀਆ ਗੱਲਾਂ ਪੁੱਛ ਕੇ ਖੁਸ਼ ਹੋਣਾ ਹੀ ਅੱਜਕੱਲ ਦੇ ਇਸ਼ਕ ਵਰਗਾ ਹੁਲਾਰਾ ਦੇ ਜਾਂਦਾ ਸੀ । ਕੁੜੀਆਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਸੀ ਅਤੇ ਇਸ ਚਾਅ ਨੂੰ ਹੇਠ ਲਿਖੀ ਖ਼ੂਬਸੂਰਤ ਬੋਲੀ ਬਿਆਨ ਕਰ ਸਕਦੀ ਹੈ:-ਇੱਕ ਲੱਡੂ ਆ ਕੋਈ ਦੋ ਲੱਡੂ ਆ,ਲੱਡੂਆਂ ਦੀ ਭਰੀ ਪਰਾਤ……..,ਵੇ ਧਰਤੀ ਨੂੰ ਕਲੀ ਕਰਾ ਦੇ……,ਨੱਚੂਗੀ ਸਾਰੀ ਰਾਤ………….।ਓਸ ਜ਼ਮਾਨੇ ਦੀਆਂ ਕੁੜੀਆਂ ਅਤੇ ਅੱਜਕੱਲ੍ਹ ਦੀਆਂ ਕੁੜੀਆਂ ਵਿੱਚ ਬਹੁਤ ਹੀ ਵੱਡਾ ਜਨਰੇਸ਼ਨ ਗੈਪ ਹੈ । ਓਸ ਜ਼ਮਾਨੇ ਦੀਆਂ ਕੁੜੀਆਂ ਨੇ ਕੰਮ-ਕਾਰ ਕਰਦੀਆਂ ਹੋਈਆਂ ਨੇ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਸਲੀਅਤ ਦੇ ਵਲਵਲਿਆਂ ਵਿੱਚੋਂ ਲੋਕ-ਗੀਤ ਤੇ ਲੋਕ-ਬੋਲੀਆਂ ਪਾਈਆਂ ਹਨ । ਇਸ ਤਰ੍ਹਾਂ ਦਾ ਬਡਮੁੱਲਾ ਸਾਹਿਤ ਅੱਜ ਕੱਲ ਦੀ ਪੀੜ੍ਹੀ ਸਿਰਜਣ ਤੋਂ ਨਾਕਾਮ ਵੀ ਹੈ ਅਤੇ ਕੋਰੀ ਵੀ । ਓਦੋਂ ਦੀਆਂ ਕੁੜੀਆਂ ਬਹੁਤ ਸਾਰਾ ਨਕਿਆਨਾ ਕੰਮ ਹੱਥੀਂ ਤਿਆਰ ਕਰਦੀਆਂ ਸੀ ਅਤੇ ਦਾਜ ਖ਼ੁਦ ਤਿਆਰ ਕਰਕੇ ਲੈ ਕੇ ਜਾਂਦੀਆਂ ਸੀ । ਆਪਣੇ ਹਾਵਾਂ-ਭਾਵਾਂ ਨੂੰ ਬੋਲੀ ਦੇ ਰੂਪ ਵਿੱਚ ਹੀ ਆਪਣੀ ਮਾਂ ,ਪਰਿਵਾਰ ਅਤੇ ਸਮਾਜ ਨੂੰ ਦੱਸਣ ਦੀ ਅਦਾ ਅਤੇ ਕਲਾ ਰੱਖਣ ਵਿੱਚ ਪੁਰਾਣੇ ਜ਼ਮਾਨੇ ਦੀਆਂ ਕੁੜੀਆਂ ਅੱਜਕੱਲ ਦੀਆਂ ਕੁੜੀਆਂ ਤੋਂ ਕਿਤੇ ਅੱਗੇ ਸਨ ।ਜਦੋਂ ਪੁਰਾਣੇ ਵਿਆਹ-ਸ਼ਾਦੀਆਂ ਦੀ ਗੱਲ ਕਰੀਏ ਤਾਂ ਕੀ ਕਹਿਣੇ ਸੀ ਓਹਨਾਂ ਵਿਆਹਾਂ ਦੇ ! ਵੱਡੀਆਂ ਬ੍ਰੈਕਟਾਂ ਲੱਗਦੀਆਂ ਸੀ ਅਤੇ ਹਲਕੇ-ਫੁਲਕੇ ਵਿਆਹ ਅਜੋਕੇ ਸ਼ੋਰ-ਸ਼ਰਾਬੇ ਨੂੰ ਮਾਤ ਪਾਉਂਦੇ ਸਨ । ਓਦੋਂ ਕੁੜੀਆਂ ਸਹੁਰੇ ਜਾਂਦੀਆਂ ਬਹੁਤ ਰੋਂਦੀਆਂ ਸੀ ਹੁੰਦੀਆਂ ਸਨ । ਆਪਣੇ ਭਾਵਾਂ ਨੂੰ ਇੱਕ ਬਹਾਨਾ ਜਿਹਾ ਲਾ ਕੇ ਪੇਕਿਆਂ ਤੋਂ ਵਿੱਛੜਨ ਵੇਲੇ ਵੀ ਕਾਵਿ ਸਿਰਜਣਾ ਦਾ ਸੁਹਜ ਰੱਖਦੀਆਂ ਸਨ:-ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,ਬਾਬਲ ਡੋਲ਼ਾ ਅਟਕ ਗਿਆ..,ਇੱਕ ਇੱਟ ਪੁਟਾ ਦੇਊਂਗਾ…….,ਨੀ ਧੀਏ ਘਰ ਜਾ ਆਪਣੇ….।ਓਹ ਗੱਲਾਂ ਜੋ ਮੇਰੀ ਬਜ਼ੁਰਗ ਦਾਦੀ ਦੱਸਦੀ ਹੈ ਓਹ ‘ਅੱਜ’ ਸੱਚ ਹੋ ਗਈਆਂ ਹਨ । ਅੱਜ ਦੀਆਂ ਮੁਟਿਆਰਾਂ ਨੂੰ ਸਮਾਜ ਨੇ ਆਪਣਾ ਵਰ ਆਪ ਚੁਣਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਅਜੋਕੀ ਔਰਤ ਪੜ੍ਹ -ਲਿਖ ਕੇ ਆਪਣਾ ਇਹ ਹੱਕ ਸਮਾਜ ਤੋਂ ਲੈ ਚੁੱਕੀ ਹੋਈ ਕਹਿ ਸਕਦੀ ਹੈ:- ਡੋਈ ਡੋਈ ਡੋਈ ………..,ਗੱਡੀਏ ਤੂੰ ਪਿੱਛ ਮੁੜ ਜਾ…,ਮੇਰੇ ਹਾਣ ਦਾ ਮੁੰਡਾ ਨਾ ਕੋਈ ।ਮਨਦੀਪ ਕੌਰ ਭੰਡਾਲਲੰਡਨ ਤੋਂਫੋਟੋ :- ਲੇਖਿਕਾ ਅਮਨਦੀਪ ਕੌਰ ਸੰਧੂ ( ਮੇਰੀ ਭੈਣ)

Leave a Reply

Your email address will not be published. Required fields are marked *