ਅਮਰਿੰਦਰ ਅਤੇ ਬਾਜਵਾ ਦੀ ਗੁਪਤ ਮਿਲਣੀ ਭੇਤ ਬਣੀ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਗੁਪਤ ਮਿਲਣੀ ਨੂੰ ਲੈ ਕੇ ਭੇਤ ਬਣ ਗਿਆ ਹੈ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ ਪ੍ਰੰਤੂ ਅਮਰਿੰਦਰ ਅਤੇ ਬਾਜਵਾ ਸਿਆਸੀ ਤੌਰ ’ਤੇ ਇੱਕ-ਦੂਜੇ ਦੇ ਨੇੜੇ ਆਉਣ ਲੱਗ ਪਏ ਹਨ। ਬੀਤੇ ਦਿਨ ਤੋਂ ਚਰਚਾ ਛਿੜੀ ਹੋਈ ਸੀ ਕਿ ਮੁੱਖ ਮੰਤਰੀ ਨੇ ਬਾਜਵਾ ਦੇ ਘਰ ਜਾ ਕੇ ਮੀਟਿੰਗ ਕੀਤੀ ਹੈ। ਸਿਆਸੀ ਆਗੂ ਭਾਵੇਂ ਨਾਂਹ-ਨਾਂਹ ਕਰ ਰਹੇ ਹਨ ਪ੍ਰੰਤੂ ਅੰਦਰੋਂ ਅੰਦਰੀਂ ਜ਼ਰੂਰ ਕੁਝ ਰਿੱਝ ਰਿਹਾ ਹੈ। 

ਸਿਆਸੀ ਹਲਕਿਆਂ ਮੁਤਾਬਕ ਬਾਜਵਾ ਦੀ ਸੁਰ ’ਚ ਹੁਣ ਅਮਰਿੰਦਰ ਪ੍ਰਤੀ ਮੋਹ ਦਿੱਖਣ ਲੱਗ ਪਿਆ ਹੈ ਅਤੇ ਫਤਹਿਜੰਗ ਸਿੰਘ ਬਾਜਵਾ ਆਖ ਰਹੇ ਹਨ ਕਿ ਅਮਰਿੰਦਰ ਵਰਗਾ ਕਿਸੇ ਪਾਰਟੀ ਕੋਲ ਨੇਤਾ ਨਹੀਂ ਹੈ। ਸੰਭਵ ਹੈ ਕਿ ਕਾਂਗਰਸ ਹਾਈਕਮਾਨ ਨੇ ਸਾਰਿਆਂ ਨੂੰ ਮੱਤਭੇਦ ਭੁਲਾ ਕੇ ਨੇੜਤਾ ਬਣਾਏ ਜਾਣ ਲਈ ਆਖਿਆ ਗਿਆ ਹੋਵੇਗਾ। ਖੇਡ ਮੰਤਰੀ ਰਾਣਾ ਸੋਢੀ ਮੁਤਾਬਕ ਦੋਵੇਂ ਆਗੂਆਂ ’ਚ ਨਿੱਜੀ ਦੂਰੀ ਕਦੇ ਨਹੀਂ ਰਹੀ, ਸਿਰਫ਼ ਵਿਚਾਰਾਂ ਦੇ ਮੱਤਭੇਦ ਰਹੇ ਹਨ। ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਮਾਝੇ ਦੀ ਸਿਆਸਤ ਨੂੰ ਲੈ ਕੇ ਨਵੀਂ ਕਤਾਰਬੰਦੀ ਹੋਣ ਲੱਗੀ ਹੈ। ਹੁਣ ਤੱਕ ਮਾਝੇ ’ਚ ਕਾਂਗਰਸੀ ਜਰਨੈਲ ਵਜੋਂ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਚਰਦੇ ਰਹੇ ਹਨ।

ਮਾਝੇ ਦੇ ਤਿੰਨੋਂ ਆਗੂਆਂ ਵੱਲੋਂ ਹਾਈਕਮਾਨ ਕੋਲ ਮੁੱਖ ਮੰਤਰੀ ਦੀ ਕਾਰਜਸ਼ੈਲੀ ’ਤੇ ਸੁਆਲ ਚੁੱਕੇ ਜਾਣ ਮਗਰੋਂ ਅਮਰਿੰਦਰ ਨੇ ਮਾਝੇ ਵਿਚ ਨਵੀਂ ਸਿਆਸੀ ਬ੍ਰਿਗੇਡ ਨੂੰ ਵੀ ਨਾਲੋਂ-ਨਾਲ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਮਾਝੇ ਦੇ ਤਿੰੰਨੋਂ ਕੈਬਨਿਟ ਵਜ਼ੀਰਾਂ ਨੂੰ ਨਜ਼ਰਅੰਦਾਜ਼ ਕਰਨਾ ਅਮਰਿੰਦਰ ਲਈ ਕੋਈ ਛੋਟਾ ਖਤਰਾ ਨਹੀਂ ਹੋਵੇਗਾ। ਹਾਈਕਮਾਨ ਕੋਲ ਵੀ ਇਨ੍ਹਾਂ ਦੀ ਚੰਗੀ ਪੈਂਠ ਬਣੀ ਹੋਈ ਹੈ ਅਤੇ ਮੁੱਖ ਮੰਤਰੀ ਨੂੰ ਸਿਆਸੀ ਸੰਤੁਲਨ ਬਣਾ ਕੇ ਚੱਲਣਾ ਪਵੇਗਾ। ਜੇਕਰ ਹਫ਼ਤੇ ਭਰ ਦੇ ਘਟਨਾਕ੍ਰਮ ਨੂੰ ਦੇਖੀਏ ਤਾਂ ਮਾਝੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਬਾਕੀ ਆਗੂਆਂ ਨਾਲ ਮੁੱਖ ਮੰਤਰੀ ਨੂੰ ਕਈ ਦਫਾ ਮਿਲ ਚੁੱਕੇ ਹਨ। ਰਵਨੀਤ ਬਿੱਟੂ ਸਮੇਤ ਇਹ ਤਿੰਨੋਂ ਸੰਸਦ ਮੈਂਬਰ ਹੁਣ ਇਕੱਠੇ ਵਿਚਰਦੇ ਹਨ। ਹੁਣ ਜੋ ਚਰਚੇ ਹਨ, ਉਨ੍ਹਾਂ ਮੁਤਾਬਕ ਜਸਬੀਰ ਸਿੰਘ ਡਿੰਪਾ ਨੇ ਹੀ ਅਮਰਿੰਦਰ ਅਤੇ ਬਾਜਵਾ ਦਰਮਿਆਨ ਕੜੀ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਫਤਹਿਜੰਗ ਸਿੰਘ ਬਾਜਵਾ ਦੇ ਲੜਕੇ ਨੂੰ ਨੌਕਰੀ ਦੇ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਵੀ ਵਿੰਨ੍ਹ ਦਿੱਤੇ ਹਨ। 

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੀਡੀਆ ਕੋਲ ਇਸ ਗੱਲੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਹੋਈ ਹੈ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਦੀ ਦੌੜ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਅਤੇ ਮੁੱਖ ਮੰਤਰੀ ਜੇਕਰ ਉਨ੍ਹਾਂ ਦੀ ਰਿਹਾਇਸ਼ ’ਤੇ ਆਉਣਾ ਚਾਹੁਣ ਤਾਂ ਉਹ ਸਵਾਗਤ ਕਰਨਗੇ। ਬਾਜਵਾ ਨੇ ਨਵਜੋਤ ਸਿੱਧੂ ਦੀ ਤਾਰੀਫ ਕਰਦਿਆਂ ਆਖਿਆ ਕਿ ਪਾਰਟੀ ਅੰਦਰ ਸੀਨੀਆਰਤਾ ਅਤੇ ਵਫ਼ਾਦਾਰੀ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲਏ ਜਾਣੇ ਹਨ ਅਤੇ ਨਵਜੋਤ ਸਿੱਧੂ ਨੂੰ ਵੀ ਅਹਿਮ ਰੋਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈਕਮਾਨ ਦਾ ਜੋ ਫ਼ੈਸਲਾ ਆਏਗਾ, ਉਹ ਸਿਰ ਮੱਥੇ ਪ੍ਰਵਾਨ ਹੋਵੇਗਾ। ਉਨ੍ਹਾਂ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ਤੇ ਜਲਦੀ ਕਾਰਵਾਈ ਦੀ ਮੰਗ ਵੀ ਕੀਤੀ ਅਤੇ ਹਾਈ ਕੋਰਟ ਵਿਚ ਨਸ਼ਾ ਤਸਕਰੀ ਨਾਲ ਸਬੰਧਤ ਬੰਦ ਲਿਫਾਫੇ ਜਲਦੀ ਖੋਲ੍ਹੇ ਜਾਣ ਦਾ ਮੁੱਦਾ ਵੀ ਉਠਾਇਆ। 

ਸੇਵਾਮੁਕਤ ਆਈਏਐੱਸ ਅਹੁਦੇ ਛੱਡਣ: ਬਾਜਵਾ

ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਅਫ਼ਸਰਾਂ ਨੂੰ ਵੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਦਰਜਨਾਂ ਅਹੁਦਿਆਂ ’ਤੇ ਇਸ ਵੇਲੇ ਸੇਵਾਮੁਕਤ ਆਈਏਐੱਸ ਅਧਿਕਾਰੀ ਕੰਮ ਕਰ ਰਹੇ ਹਨ ਜਿਨ੍ਹਾਂ ਸਾਢੇ ਚਾਰ ਵਰ੍ਹੇ ਕਾਫ਼ੀ ਮੌਜ ਕਰ ਲਈ ਹੈ ਅਤੇ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਲਾਂਭੇ ਕੀਤਾ ਜਾਵੇ। ਉਨ੍ਹਾਂ ਸੇਵਾਮੁਕਤ ਅਫ਼ਸਰਾਂ ਦੀ ਥਾਂ ’ਤੇ ਕਾਂਗਰਸੀ ਆਗੂਆਂ ਨੂੰ ਲਗਾਏ ਜਾਣ ਦੀ ਵਕਾਲਤ ਕੀਤੀ। ਬਾਜਵਾ ਨੇ ਐਡਵੋਕੇਟ ਜਨਰਲ ਅਤੁੱਲ ਨੰਦਾ ਬਾਰੇ ਆਖਿਆ ਕਿ ਭਾਵੇਂ ਐਡਵੋਕੇਟ ਜਨਰਲ ਦੀ ਪਤਨੀ ਨੇ ਅਸਤੀਫ਼ਾ ਦੇ ਦਿੱਤਾ ਹੈ ਪ੍ਰੰਤੂ ਚੰਗਾ ਹੋਵੇਗਾ ਕਿ ਐਡਵੋਕੇਟ ਜਨਰਲ ਖੁਦ ਵੀ ਅਹੁਦਾ ਛੱਡ ਦੇਣ। 

Leave a Reply

Your email address will not be published. Required fields are marked *