ਸਰਕਾਰ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ: ਸੋਮ ਪ੍ਰਕਾਸ਼

ਫਗਵਾੜਾ: ‘ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਪਰ ਉਨ੍ਹਾਂ ਨੂੰ ਵੀ ਗੱਲਬਾਤ ਲਈ ਹਾਂ-ਪੱਖੀ ਵਤੀਰਾ ਅਪਨਾਉਣਾ ਚਾਹੀਦਾ ਹੈ ਤਾਂ ਜੋ ਇਸ ਮਾਮਲੇ ਦਾ ਹੱਲ ਨਿਕਲ ਸਕੇ।’ ਇਹ ਪ੍ਰਗਟਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ, ਪਹਿਲੀ ਮੰਗ ਹੀ ਕਾਨੂੰਨ ਰੱਦ ਕਰਨਾ ਆਖਦੇ ਹਨ ਜਿਸ ਕਾਰਨ ਇਹ ਮਾਮਲਾ ਹੱਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿੱਜੀ ਤੌਰ ’ਤੇ ਵੀ ਕਿਸਾਨ ਆਗੂਆਂ ਨੂੰ ਇਸ ਸਬੰਧੀ ਰਾਜ਼ੀ ਕਰਨ ਲਈ ਯਤਨ ਕੀਤੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇਗਾ। ਪੋਸਟ-ਮੈਟ੍ਰਿਕ ਸਕੀਮ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਕੀਮ ਦੇ ਹੋਏ ਘਪਲੇ ਕਾਰਨ ਸਾਰੇ ਦੇਸ਼ ਦੀ ਸਕੀਮ ਬੰਦ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਉਪਰਾਲਾ ਕਰ ਕੇ ਇਸ ਨੂੰ ਮੁੜ ਚਾਲੂ ਕਰਵਾਇਆ ਹੈ ਤੇ ਹੁਣ ਕੇਂਦਰ 60 ਫ਼ੀਸਦੀ ਅਤੇ ਸੂਬੇ 40 ਫ਼ੀਸਦੀ ਹਿੱਸਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦਾ ਹਿਸਾਬ ਨਹੀਂ ਦਿੱਤਾ ਜਿਸ ਕਾਰਨ ਪੰਜਾਬ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਫਗਵਾੜਾ-ਬੰਗਾ ਸੜਕ ’ਤੇ ਸਥਿਤ ਪਿੰਡ ਬਹੂਆਂ ਤੋਂ ਚਚਰਾੜੀ ਲਈ ਕਰੀਬ 10 ਕਿਲੋਮੀਟਰ  ਦਾ ਬਾਈਪਾਸ ਕੱਢਿਆ ਜਾਵੇਗਾ ਜਿਸ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਨਵੰਬਰ ਤੱਕ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਰ ਲੇਨ ਬਣਨ ਵਾਲੀ  ਫਗਵਾੜਾ-ਹੁਸ਼ਿਆਰਪੁਰ ਸੜਕ ਸਬੰਧੀ ਕਾਰਵਾਈ ਮੁਕੰਮਲ ਹੋ ਗਈ ਹੈ ਤੇ ਜਲਦੀ ਹੀ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। 

ਇਹ ਸੜਕ ਪੰਜਾਬ ਸਰਕਾਰ ਦੀ ਹੀ ਰਹੇਗੀ ਤੇ ਕੇਂਦਰ ਵੱਲੋਂ ਇਸ ਨੂੰ ਬਣਾਉਣ ਉਪਰੰਤ ਇਹ ਨਿਗਮ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਕਰੋੜਾਂ ਰੁਪਏ ਦੀ ਰਾਸ਼ੀ ਮਨਜ਼ੂਰ ਹੋ ਗਈ ਹੈ।  ਉਨ੍ਹਾਂ ਦੱਸਿਆ ਕਿ ਸ਼ੂਗਰ ਮਿੱਲ ਚੌਕ ਤੋਂ ਨਕੋਦਰ ਤੱਕ ਸੜਕ ਚੌੜੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਦਰਵੇਸ਼ ਪਿੰਡ ਜੋ ਕਪੂਰਥਲਾ ਜ਼ਿਲ੍ਹੇ ਦਾ ਇਲਾਕਾ ਹੈ, ਲਈ 15 ਕਰੋੜ ਰੁਪਏ ਮਨਜ਼ੂਰ ਹੋ ਗਏ ਹਨ ਜਦਕਿ ਦਰਵੇਸ਼ ਪਿੰਡ ਤੋਂ ਅੱਗੇ ਜ਼ਿਲ੍ਹਾ ਜਲੰਧਰ ਦਾ ਇਲਾਕਾ ਹੈ ਜਿਸ ਦੀ ਤਜਵੀਜ਼ ਬਣਾ ਕੇ ਸਰਕਾਰ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਵਾਂ ਫਲੈਗ ਲਗਾਇਆ ਜਾਵੇਗਾ।

 ਆਧੁਨਿਕੀਕਰਨ ਲਈ ਕਰੀਬ 8 ਕਰੋੜ ਰੁਪਏ ਖ਼ਰਚੇ ਜਾਣਗੇ ਜਿਸ ’ਚ ਸਟੇਸ਼ਨ ਤੇ ਇੱਕ ਹੋਰ ਲਾਂਘੇ ਲਈ ਓਵਰਬ੍ਰਿਜ ਤੇ ਵੀਆਈਪੀ ਵੇਟਿੰਗ ਰੂਮ ਸਮੇਤ ਕਈ ਕੰਮ ਕੀਤੇ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ, ਸਾਬਕਾ ਮੇਅਰ ਅਰੁਨ ਖੋਸਲਾ, ਅਵਤਾਰ ਸਿੰਘ ਮੰਡ, ਪਰਮਜੀਤ ਸਿੰਘ ਚਾਚੋਕੀ, ਪ੍ਰਸ਼ੋਤਮ ਪਾਸੀ, ਨਿਤਿਨ ਚੱਢਾ ਅਤੇ ਕੁਸ਼ ਖੋਸਲਾ ਹਾਜ਼ਰ ਸਨ। ਦੂਜੇ ਪਾਸੇ ਕੇਂਦਰੀ ਮੰਤਰੀ ਦੇ ਵਿਰੋਧ ਤੋਂ ਬਚਾਅ ਲਈ ਐੱਸਪੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰਨ ਤੋਂ ਇਲਾਵਾ ਬੈਰੀਕੇਡਿੰਗ ਵੀ ਕੀਤੀ ਗਈ ਸੀ। 

Leave a Reply

Your email address will not be published. Required fields are marked *