ਕੈਪਟਨ ਸਰਕਾਰ ਖ਼ਿਲਾਫ਼ ਛਿੜਿਆ ਸਿਆਸੀ ਕਲੇਸ਼

ਚੰਡੀਗੜ੍ਹ: ਕੈਪਟਨ ਸਰਕਾਰ ਨੂੰ ਵਿਧਾਇਕਾਂ ਦੇ ਪੁੱਤਰਾਂ ਨੂੰ ਅਫ਼ਸਰ ਲਾਉਣਾ ਸਿਆਸੀ ਤੌਰ ’ਤੇ ਮਹਿੰਗਾ ਪੈ ਸਕਦਾ ਹੈ। ਇਨ੍ਹਾਂ ਨਿਯੁਕਤੀਆਂ ਤੋਂ ਸਿਆਸੀ ਕਲੇਸ਼ ਛਿੜ ਗਿਆ ਹੈ ਜੋ ਕਿ ਸਰਕਾਰ ਲਈ ਕਿਸੇ ਸਿਆਸੀ ਸੰਕਟ ਤੋਂ ਘੱਟ ਨਹੀਂ ਜਾਪਦਾ ਹੈ। ਪੰਜਾਬ ਦੀ ਵਜ਼ਾਰਤ ਦੀ ਮੀਟਿੰਗ ਵਿਚ ਲੰਘੇ ਕੱਲ੍ਹ ਕੁਝ ਵਜ਼ੀਰਾਂ ਨੇ ਇਨ੍ਹਾਂ ਨੌਕਰੀਆਂ ਖ਼ਿਲਾਫ਼ ਸਖ਼ਤ ਸਟੈਂਡ ਲਿਆ ਸੀ। ਇਸੇ ਦੌਰਾਨ ਅੱਜ ਵਿਰੋਧੀ ਧਿਰਾਂ ਨੇ ਇਸ ਮਾਮਲੇ ’ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੋ ਨੌਕਰੀਆਂ ਕਰ ਕੇ ਸਰਕਾਰ ਦੀ ਕਿਰਕਿਰੀ ਹੋਣ ਲੱਗੀ ਹੈ। 

ਚੇਤੇ ਰਹੇ ਕਿ ਲੰਘੇ ਕੱਲ੍ਹ ਪੰਜਾਬ ਵਜ਼ਾਰਤ ਨੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਲੜਕੇ ਨੂੰ ਤਰਸ ਦੇ ਅਧਾਰ ’ਤੇ ਕ੍ਰਮਵਾਰ ਪੁਲੀਸ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਫੈਸਲਾ ਲਿਆ ਸੀ। ਇੱਕ ਮੰਤਰੀ ਦੇ ਜਵਾਈ ਨੂੰ ਆਬਕਾਰੀ ਇੰਸਪੈਕਟਰ ਲਾਉਣ ਦਾ ਮਾਮਲਾ ਅਜੇ ਅੱਧ-ਵਿਚਾਲੇ ਹੀ ਲਟਕਿਆ ਹੋਇਆ ਹੈ। 

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਇਨ੍ਹਾਂ ਨਿਯੁਕਤੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਕਾਂਗਰਸੀਆਂ ਦੇ ਪੁੱਤਰਾਂ ਨੂੰ ਯੋਗ ਨਾ ਹੋਣ ਦੇ ਬਾਵਜੂਦ ਨੌਕਰੀਆਂ ਦੇ ਕੇ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਅਕਾਲੀ ਆਗੂਆਂ ਨੇ ਇਸ ਮੁੱਦੇ ’ਤੇ ਕੈਪਟਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਅਜਿਹੀਆਂ ਗ਼ੈਰ-ਕਾਨੂੰਨੀ ਨਿਯੁਕਤੀਆਂ ਰੱਦ ਕਰ ਕੇ ਜ਼ਿੰਮੇਵਾਰ ਲੋਕਾਂ ’ਤੇ ਕੇਸ ਦਰਜ ਕੀਤੇ ਜਾਣਗੇ।

 ਉਨ੍ਹਾਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹੱਕਾਂ ਲਈ ਪੰਜਾਬ ਦੇ ਵਜ਼ੀਰਾਂ ਦੇ ਘਰਾਂ ਦਾ ਘਿਰਾਓ ਕਰਨ। ਉਨ੍ਹਾਂ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਨੂੰ ਡੀਐੱਸਪੀ ਲਾਏ ਜਾਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜਦਕਿ ਦੂਜੇ ਪਾਸੇ ਸਰਕਾਰ ਨੇ ਖ਼ੁਦਕੁਸ਼ੀ ਕਰਨ ਵਾਲੇ 2000 ਕਿਸਾਨ ਪਰਿਵਾਰਾਂ, 500 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਅਤੇ ਪੈਰਾ ਓਲੰਪੀਅਨ ਨੂੰ ਕੀਤੇ ਵਾਅਦੇ ਅਨੁਸਾਰ ਨੌਕਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹਜ਼ਾਰਾਂ ਠੇਕਾ ਮੁਲਾਜ਼ਮ ਅਜੇ ਵੀ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ਦੋਵੇਂ ਵਿਧਾਇਕਾਂ ਦੇ ਲੜਕੇ ਨੌਕਰੀ ਦੇ ਯੋਗ ਨਹੀਂ ਸਨ ਅਤੇ ਇਹ ਨੌਕਰੀਆਂ 34 ਸਾਲ ਦੇ ਵਕਫ਼ੇ ਮਗਰੋਂ ਦਿੱਤੀਆਂ      ਗਈਆਂ ਹਨ।  

ਅਕਾਲੀ ਆਗੂ ਨੇ ਸਵਾਲ ਉਠਾਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੁਣ ਤੱਕ ਇਸ ਮਾਮਲੇ ’ਚ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਅਨਿਆਂ ਨਹੀਂ ਹੋਣ ਦੇਵੇਗਾ। 

ਪਰਿਵਾਰਾਂ ਦੀ ਕੁਰਬਾਨੀ ਦਾ ਮੁੱਲ ਪਾਇਆ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਤੇ ਅੱਜ ਮੁੜ ਸਟੈਂਡ ਲੈਂਦਿਆਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਗਿਆ ਹੈ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਵਿਰੋਧੀ ਪਾਰਟੀਆਂ ਵਿੱਚ ਵੀ ਅਜਿਹੇ ਵਿਅਕਤੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਦੇ ਪਿਓ ਜਾਂ ਦਾਦੇ ਨੇ ਮੁਲਕ ਲਈ ਕੁਰਬਾਨੀ ਕੀਤੀ ਹੋਵੇ ਪ੍ਰੰਤੂ ਦੋਹਾਂ ਪਾਰਟੀਆਂ ’ਚ ਅਜਿਹਾ ਕੋਈ ਨਹੀਂ ਮਿਲਿਆ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਵਿੱਚੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ 35,000 ਬੇਕਸੂਰ ਲੋਕਾਂ ਦੀ ਜਾਨ ਗਈ ਸੀ ਅਤੇ ਪੁਲੀਸ ਦੇ ਕਰੀਬ 1700 ਜਵਾਨ ਸ਼ਹੀਦ ਹੋਏ ਸਨ।  ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਅਮਨ, ਸ਼ਾਂਤੀ ਅਤੇ ਸਦਭਾਵਨਾ ਲਈ ਆਪਣਾ ਯੋਗਦਾਨ ਪਾਉਣ ਵਾਲਿਆਂ ਨੂੰ ਮਾਨਤਾ ਦੇਣੀ ਜਾਰੀ ਰੱਖੇਗੀ। 

Leave a Reply

Your email address will not be published. Required fields are marked *