ਸੁਪਰੀਮ ਕੋਰਟ ਵੱਲੋਂ ਰਾਮਦੇਵ ਤੋਂ ਐਲੋਪੈਥੀ ਬਾਰੇ ਬਿਆਨ ਦਾ ਰਿਕਾਰਡ ਤਲਬ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਯੋਗਾ ਸਾਧ ਰਾਮਦੇਵ ਨੂੰ ਕੋਵਿਡ-19 ਮਹਾਮਾਰੀ ਦੌਰਾਨ ਐਲੋਪੈਥੀ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਦੇ ਮੂਲ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਰਾਮਦੇਵ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ,‘‘ਉਹ ਅਸਲ ਗੱਲ ਕਿਹੜੀ ਹੈ ਜਿਹੜੀ ਉਨ੍ਹਾਂ ਆਖੀ ਹੈ? ਤੁਸੀਂ ਸਾਰਾ ਰਿਕਾਰਡ ਪੇਸ਼ ਨਹੀਂ ਕੀਤਾ ਹੈ।’’ ਸ੍ਰੀ ਰੋਹਤਗੀ ਨੇ ਬੈਂਚ ਨੂੰ ਦੱਸਿਆ ਕਿ ਉਹ ਮੂਲ ਵੀਡੀਓ ਅਤੇ ਲਿਖਤੀ ਬਿਆਨ ਦਾਖ਼ਲ ਕਰਨਗੇ। ਬੈਂਚ ਨੇ ਹਾਮੀ ਭਰਦਿਆਂ ਮਾਮਲੇ ਦੀ ਸੁਣਵਾਈ 5 ਜੁਲਾਈ ’ਤੇ ਅੱਗੇ ਪਾ ਦਿੱਤੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਬਿਹਾਰ ਅਤੇ ਛੱਤੀਸਗੜ੍ਹ ਇਕਾਈਆਂ ਵੱਲੋਂ ਦਰਜ ਐੱਫਆਈਆਰਜ਼ ’ਤੇ ਰੋਕ ਲਗਾਉਣ ਲਈ ਰਾਮਦੇਵ ਨੇ ਸਿਖਰਲੀ ਅਦਾਲਤ ’ਚ ਅਰਜ਼ੀ ਪਾਈ ਹੋਈ ਹੈ। ਆਪਣੀ ਅਰਜ਼ੀ ’ਚ ਰਾਮਦੇਵ ਨੇ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਪਟਨਾ ਅਤੇ ਰਾਏਪੁਰ ’ਚ ਦਰਜ ਐੱਫਆਈਆਰਜ਼ ਨੂੰ ਦਿੱਲੀ ਤਬਦੀਲ ਕੀਤਾ ਜਾਵੇ। ਕੇਸ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਰੋਹਤਗੀ ਨੇ ਬੈਂਚ ਨੂੰ ਦੱਸਿਆ ਕਿ ਦੱਸਿਆ ਕਿ ਪਿਛਲੇ ਸਾਲ ਜਦੋਂ ਪਤੰਜਲੀ ਨੇ ‘ਕੋਰੋਨਿਲ’ ਪੇਸ਼ ਕੀਤੀ ਸੀ ਤਾਂ ਐਲੋਪੈਥੀ ਡਾਕਟਰ ਰਾਮਦੇਵ ਖ਼ਿਲਾਫ਼ ਹੋ ਗਏ ਸਨ। ‘ਰਾਮਦੇਵ ਉਨ੍ਹਾਂ ਖ਼ਿਲਾਫ਼ ਨਹੀਂ ਹੈ। ਫਿਰ ਉਹ ਕਈ ਥਾਵਾਂ ’ਤੇ ਕਿਉਂ ਜਾਣ। ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ।’ ਰਾਮਦੇਵ ਦੇ ਬਿਆਨਾਂ ਨੇ ਦੇਸ਼ ਭਰ ’ਚ ਐਲੋਪੇਥੀ ਬਨਾਮ ਆਯੁਰਵੈਦ ਦੇ ਮੁੱਦੇ ’ਤੇ ਬਹਿਸ ਛੇੜ ਦਿੱਤੀ ਸੀ। ਉਂਜ ਉਸ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਵੱਲੋਂ ਲਿਖੀ ਚਿੱਠੀ ਮਗਰੋਂ 23 ਮਈ ਨੂੰ ਆਪਣੇ ਬਿਆਨ ਵਾਪਸ ਲੈ ਲਏ ਸਨ।

Leave a Reply

Your email address will not be published. Required fields are marked *