ਗਰਮੀ ਦੇ ਕਹਿਰ ਨਾਲ ਪੰਜਾਬ ’ਚ ਬਿਜਲੀ ਸੰਕਟ ਵੀ ਵਧਿਆ

ਚੰਡੀਗੜ੍ਹ: ਪੰਜਾਬ ਵਿਚ ਐਤਕੀਂ ਬਿਜਲੀ ਸੰਕਟ ‘ਆਊਟ ਆਫ਼ ਕੰਟਰੋਲ’ ਹੋ ਗਿਆ ਹੈ ਜਿਸ ਕਾਰਨ ਪਿੰਡਾਂ ਤੇ ਸ਼ਹਿਰਾਂ ਨੂੰ ਅਣਐਲਾਨੇ ਪਾਵਰਕੱਟ ਝੱਲਣੇ ਪੈ ਰਹੇ ਹਨ। ਦੋ ਦਿਨਾਂ ਤੋਂ ਦਿਹਾਤੀ ਖੇਤਰਾਂ ’ਚ ਅੱਠ ਤੋਂ 10 ਘੰਟੇ ਦੇ ਬਿਜਲੀ ਕੱਟ ਅਤੇ ਸ਼ਹਿਰੀ ਖੇਤਰਾਂ ਵਿਚ 4 ਤੋਂ ਅੱਠ ਘੰਟੇ ਦੇ ਕੱਟ ਲੱਗ ਰਹੇ ਹਨ। ਅੱਜ ਅੱਕੇ ਹੋਏ ਲੋਕਾਂ ਨੇ ਪੰਜਾਬ ’ਚ ਦਰਜਨਾਂ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਅਤੇ ਬਿਜਲੀ ਗਰਿੱਡਾਂ ਦਾ ਘਿਰਾਓ ਕੀਤਾ। ਪ੍ਰਾਪਤ ਵੇਰਵਿਆਂ ਅਨੁਸਾਰ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੰਜ ਤੋਂ ਛੇ ਘੰਟੇ ਦਿੱਤੀ ਜਾ ਰਹੀ ਹੈ ਜਿਸ ਨੇ ਕਿਸਾਨਾਂ ਦੇ ਰੋਹ ਨੂੰ ਹੋਰ ਤਿੱਖਾ ਕੀਤਾ ਹੈ। ਜਿਉਂ ਹੀ ਪਿੰਡਾਂ ਤੇ ਸ਼ਹਿਰਾਂ ’ਚ ਪਾਵਰਕੱਟ ਲੱਗੇ ਤਾਂ ਲੋਕ ਸੜਕਾਂ ’ਤੇ ਆ ਗਏ। ਪਾਵਰਕੌਮ ਨੇ ਅੱਜ ਤੋਂ ਜਲੰਧਰ ਤੇ ਲੁਧਿਆਣਾ ਜ਼ੋਨ ’ਚ ਸਨਅਤੀ ਖੇਤਰ ਵਿਚ ਵੀ ਹਫ਼ਤੇ ਚੋਂ ਦੋ ਦਿਨ ਬਿਜਲੀ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਕਰ ਲਿਆ ਹੈ। ਪਾਵਰਕੌਮ ਦੇ ਡਾਇਰੈਕਟਰ ਡੀਪੀਐੱਸ ਗਰੇਵਾਲ ਨੇ ਅੱਜ ਅਪੀਲ ਕੀਤੀ ਹੈ ਕਿ ਆਉਂਦੇ ਤਿੰਨ ਦਿਨਾਂ ਲਈ ਏਸੀ ਬੰਦ ਰੱਖੇ ਜਾਣ ਅਤੇ ਸਰਕਾਰੀ ਦਫ਼ਤਰਾਂ ’ਚ ਬੇਲੋੜੀ ਬਿਜਲੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਸ ਵਾਰ ਬਿਜਲੀ ਸਪਲਾਈ ਦੇ ਅਗਾਊਂ ਪ੍ਰਬੰਧ ਨਾ ਕੀਤੇ ਜਾਣ ਦਾ ਖਮਿਆਜ਼ਾ ਹੁਣ ਲੋਕ ਭੁਗਤ ਰਹੇ ਹਨ। ਵਿਰੋਧੀ ਸਿਆਸੀ ਧਿਰਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਨੂੰ ਇਸ ਵੇਲੇ 1500 ਤੋਂ 2000 ਮੈਗਾਵਾਟ ਬਿਜਲੀ ਦੀ ਕਮੀ ਝੱਲਣੀ ਪੈ ਰਹੀ ਹੈ। ਪੰਜਾਬ ’ਚ ਮੌਜੂਦਾ ਸਮੇਂ ਬਿਜਲੀ ਦੀ ਮੰਗ 14,225 ਮੈਗਾਵਾਟ ਨੇੜੇ ਹੈ ਜਦਕਿ ਪਾਵਰਕੌਮ ਕੋਲ 12,800 ਮੈਗਾਵਾਟ ਬਿਜਲੀ ਸਪਲਾਈ ਦਾ ਪ੍ਰਬੰਧ ਹੈ। ਕਿਧਰੋਂ ਵੀ ਹੁਣ ਬਿਜਲੀ ਲੈਣ ਦਾ ਕੋਈ ਚਾਰਾ ਨਹੀਂ ਬਚਿਆ ਕਿਉਂਕਿ ਪੰਜਾਬ ਦੀ ਟਰਾਂਸਮਿਸ਼ਨ ਸਮਰੱਥਾ ਹੀ 6800 ਮੈਗਾਵਾਟ ਹੈ। ਇਹ ਸਮਰੱਥਾ ਆਰਜ਼ੀ ਤੌਰ ’ਤੇ ਵਧ ਕੇ 7300 ਮੈਗਾਵਾਟ ਹੋ ਗਈ ਹੈ। ਪਾਵਰਕੌਮ ਬੈਂਕਿੰਗ ਅਤੇ ਹੋਰ ਸਰੋਤਾਂ ਤੋਂ ਬਾਹਰੋਂ ਇੰਨੀ ਬਿਜਲੀ ਸਪਲਾਈ ਲੈ ਰਿਹਾ ਹੈ। ਕਿਤੇ ਕੋਈ ਹੋਰ ਯੂਨਿਟ ਬੰਦ ਹੋ ਗਿਆ ਤਾਂ ਪਾਵਰਕੱਟ ਹੋਰ ਲੰਮੇ ਕਰਨੇ ਪੈਣਗੇ।

ਮਾਹਿਰ ਆਖਦੇ ਹਨ ਕਿ ਜੇਕਰ ਪਾਵਰਕੌਮ ਨੇ ਵੇਲੇ ਸਿਰ ਟਰਾਂਸਮਿਸ਼ਨ ਸਮਰੱਥਾ ਵਿਚ ਵਾਧਾ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਹੀਂ ਵੇਖਣੇ ਪੈਣੇ ਸਨ। ਸੰਕਟ ਇੰਨਾ ਗਹਿਰਾ ਹੈ ਕਿ ਕਰੀਬ ਛੇ ਵਰ੍ਹਿਆਂ ਮਗਰੋਂ ਪਟਿਆਲਾ ਸ਼ਹਿਰ ਵਿੱਚ ਵੀ ਡੇਢ ਘੰਟੇ ਦਾ ਬਿਜਲੀ ਕੱਟ ਲਾਉਣਾ ਪਿਆ ਹੈ। ਪਾਵਰਕੌਮ ਇਸ ਵੇਲੇ ਆਪਣੇ ਸਰੋਤਾਂ ਤੋਂ ਕਰੀਬ 5800 ਮੈਗਾਵਾਟ ਅਤੇ 7300 ਮੈਗਾਵਾਟ ਬਿਜਲੀ ਸਪਲਾਈ ਬਾਹਰੋਂ ਲੈ ਰਿਹਾ ਹੈ। ਆਉਂਦੇ ਦਿਨਾਂ ਵਿਚ ਇਹ ਸੰਕਟ ਘਟਣ ਵਾਲਾ ਨਹੀਂ ਹੈ। ਤਿੰਨ ਵਰ੍ਹੇ ਪਹਿਲਾਂ ਬਠਿੰਡਾ ਤੇ ਰੋਪੜ ਥਰਮਲ ਦੇ ਯੂਨਿਟ ਬੰਦ ਕੀਤੇ ਜਾਣ ਨਾਲ 880 ਮੈਗਾਵਾਟ ਬਿਜਲੀ ਦੀ ਕਟੌਤੀ ਸਿੱਧੀ ਹੋਈ ਹੈ ਜਿਸ ਦੇ ਬਦਲਵੇਂ ਪ੍ਰਬੰਧ ਵੀ ਨਹੀਂ ਕੀਤੇ ਗਏ।

ਹਾਈਡਲ ਪ੍ਰਾਜੈਕਟ ਆਪਣੀ ਸਮਰੱਥਾ ਮੁਤਾਬਕ ’ਤੇ ਚੱਲ ਰਹੇ ਹਨ ਪਰ ਡੈਮਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ ਦੇ ਮੁਕਾਬਲੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 47 ਫੁੱਟ, ਪੌਂਗ ਡੈਮ ਵਿਚ 55 ਫੁੱਟ ਅਤੇ ਰਣਜੀਤ ਸਾਗਰ ਡੈਮ ਵਿਚ 32 ਫੁੱਟ ਨੀਵਾਂ ਆ ਗਿਆ ਹੈ। ਗੁਜਰਾਤ ਵਿਚਲੇ ਟਾਟਾ ਮੁੰਦਰਾ ਥਰਮਲ ਪਲਾਂਟ ਨੇ ਵੀ ਪੰਜਾਬ ਨੂੰ 200 ਮੈਗਾਵਾਟ ਬਿਜਲੀ ਸਪਲਾਈ ਦਾ ਕੱਟ ਲਾ ਦਿੱਤਾ ਹੈ।

ਮੌਨਸੂਨ ਪੱਛੜਨ ਕਰਕੇ ਪੰਜਾਬ ’ਚ ਪਾਰਾ ਸਿਖਰ ’ਤੇ ਹੈ ਜਿਸ ਕਰਕੇ ਪਾਵਰਕੌਮ ਸੁੱਕਣੇ ਪੈ ਗਿਆ ਹੈ। ਪਾਵਰਕੌਮ ਦਾ 30 ਜੂਨ ਦਾ ਖੁਦ ਦਾ ਅੰਕੜਾ ਹੈ ਕਿ ਖੇਤੀ ਸੈਕਟਰ ਨੂੰ 6.47 ਘੰਟੇ, ਕੰਡੀ ਖੇਤਰ ਨੂੰ 6.30 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ। ਛੋਟੇ ਸ਼ਹਿਰਾਂ ’ਚ ਛੇ ਘੰਟੇ, ਪਿੰਡਾਂ ਵਿਚ ਅੱਠ ਤੋਂ ਦਸ ਘੰਟੇ, ਜ਼ਿਲ੍ਹਾ ਹੈਡਕੁੁਆਰਟਰਾਂ ’ਤੇ ਚਾਰ ਘੰਟੇ ਦਾ ਬਿਜਲੀ ਕੱਟ ਲੱਗਿਆ ਹੈ। ਪੰਜਾਬ ਵੱਲ ਦੇਖੀਏ ਤਾਂ ਅੱਜ ਬਰਨਾਲਾ ਦੇ ਪਿੰਡ ਚੀਮਾ ਵਿਚ ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਬਿਜਲੀ ਗਰਿੱਡ ਹੀ ਭੰਨ ਦਿੱਤਾ। ਸ਼ੀਸ਼ਿਆਂ ਤੋਂ ਇਲਾਵਾ ਮੁੱਖ ਗੇਟ ਵੀ ਤੋੜ ਦਿੱਤਾ ਗਿਆ ਹੈ। ਮਹਿਲ ਕਲਾਂ ਲਾਗੇ ਦੁਕਾਨਦਾਰਾਂ ਨੇ ਬਰਨਾਲਾ-ਲੁਧਿਆਣਾ ਸੜਕ ਜਾਮ ਕਰ ਦਿੱਤੀ। ਕੁਰਾਲੀ ਵਿਚ ਲੋਕਾਂ ਨੇ ਮੁੱਖ ਸੜਕ ’ਤੇ ਧਰਨਾ ਮਾਰ ਦਿੱਤਾ ਜਦਕਿ ਅੰਮ੍ਰਿਤਸਰ ਦੇ ਚੋਗਾਵਾਂ ਗਰਿੱਡ ਦਾ ਕਿਸਾਨਾਂ ਨੇ ਘਿਰਾਓ ਕੀਤਾ ਹੈ। ਕਿਸਾਨ ਧਿਰਾਂ ਵੱਲੋਂ ਬਿਜਲੀ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਅਗਵਾਈ ਕੀਤੀ ਜਾ ਰਹੀ ਹੈ।

ਬਰਨਾਲਾ ਅਤੇ ਤਪਾ ਮੰਡੀ ਵਿਚ ਅੱਜ ਵਪਾਰੀ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ ਅਤੇ ਇਸੇ ਤਰ੍ਹਾਂ ਜੈਤੋ ਲਾਗੇ ਕੋਟਕਪੂਰਾ ਬਠਿੰਡਾ ਸੜਕ ’ਤੇ ਕਿਸਾਨਾਂ ਨੇ ਧਰਨਾ ਮਾਰਿਆ ਹੈ। ਕਿਸਾਨ ਆਖਦੇ ਹਨ ਕਿ ਵਾਅਦਿਆਂ ਦੇ ਉਲਟ ਖੇਤੀ ਸੈਕਟਰ ਨੂੰ ਤਿੰਨ ਤੋਂ ਚਾਰ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ। ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਵਿਚ ਗਰਿੱਡ ਨੂੰ ਘੇਰਿਆ। ਖੰਨਾ ’ਚ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਦਿੱਤਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੂਚਕ ਵਿੰਡ ਲਾਗੇ ਫਿਰੋਜ਼ਪੁਰ-ਜ਼ੀਰਾ ਸੜਕ ਕਿਸਾਨਾਂ ਨੇ ਜਾਮ ਕੀਤੀ ਹੈ। ਲੰਘੀ ਰਾਤ ਵੀ ਵੱਡੇ ਸ਼ਹਿਰਾਂ ਵਿਚ ਲੋਕ ਸੜਕਾਂ ’ਤੇ ਉੱਤਰੇ ਹੋਏ ਸਨ। ਇਸ ਬਿਜਲੀ ਸੰਕਟ ਦੌਰਾਨ ਹਾਕਮ ਧਿਰ ਦਾ ਕੋਈ ਵਿਧਾਇਕ ਜਾਂ ਮੰਤਰੀ ਲੋਕਾਂ ਦੀ ਸਾਰ ਨਹੀਂ ਲੈ ਰਿਹਾ ਹੈ।

ਪਾਵਰਕੌਮ ਦੀ ਢਿੱਲੀ ਨੀਤੀ ਦਾ ਨਤੀਜਾ: ਧੀਮਾਨ

ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਆਖਦੇ ਹਨ ਕਿ ਪਾਵਰਕੌਮ ਦੀ ਯੋਜਨਾਬੰਦੀ ਅਤੇ ਮੈਨੇਜਮੈਂਟ ਦੀ ਢਿੱਲੀ ਨੀਤੀ ਦਾ ਨਤੀਜਾ ਹੈ ਕਿ ਲੋਕਾਂ ਨੂੰ ਬਿਜਲੀ ਸੰਕਟ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਅਗਾਊਂ ਹੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੋਈ ਸੀ ਜਿਸ ’ਤੇ ਗੌਰ ਨਹੀਂ ਕੀਤੀ ਗਈ।

ਖੇਤ ਨਹੀਂ ਸੁੱਕਣ ਦਿਆਂਗੇ: ਕਿਸਾਨ ਆਗੂ

ਭਾਕਿਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪਾਵਰਕੱਟਾਂ ਨੇ ਪੰਜਾਬ ਸਰਕਾਰ ਦੇ ਬਿਜਲੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨ ਧਿਰਾਂ ਖੇਤ ਸੁੱਕਣ ਨਹੀਂ ਦੇਣਗੀਆਂ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਹਾਲਾਤ ਦਿਖਾ ਕੇ ਕਿਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਵਾਜਿਬ ਤਾਂ ਨਹੀਂ ਠਹਿਰਾ ਰਹੀ। ਕਿਸਾਨ ਆਗੂ ਆਖਦੇ ਹਨ ਕਿ ਕੇਂਦਰੀ ਖੇਤੀ ਕਾਨੂੰਨਾਂ ਨੇ ਕੇਂਦਰ ਦਾ ਚਿਹਰਾ ਅਤੇ ਪਾਵਰਕੱਟਾਂ ਨੇ ਪੰਜਾਬ ਸਰਕਾਰ ਦੇ ਲੋਕ ਮੋਹ ਦਾ ਸੱਚਾ ਉਜਾਗਰ ਕਰ ਦਿੱਤਾ ਹੈ।

ਸਰਕਾਰੀ ਦਫ਼ਤਰਾਂ ਦਾ ਸਮਾਂ ਹੁਣ 8 ਤੋਂ 2 ਵਜੇ ਤੱਕ

ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਵੱਧ ਰਹੇ ਰੋਹ ਦਰਮਿਆਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਉੱਚ ਪੱਧਰੀ ਮੀਟਿੰਗ ਸੱਦ ਕੇ ਭਲਕੇ ਸ਼ੁੱਕਰਵਾਰ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਘਟਾਉਣ ਅਤੇ ਬਿਜਲੀ ਦੀ ਵੱਧ ਖਪਤ ਵਾਲੀਆਂ ਸਨਅਤਾਂ ਦੀ ਸਪਲਾਈ ਵਿੱਚ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਤਹਿਤ ਸਰਕਾਰੀ ਦਫ਼ਤਰ ਹੁਣ ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੰਮ ਕਰਨਗੇ। ਮੁੱਖ ਮੰਤਰੀ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਆਪੋ-ਆਪਣੇ ਦਫ਼ਤਰਾਂ ਵਿਚ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਹੈ। ਗਰਮੀ ਵਧਣ ਕਰਕੇ ਸੂਬੇ ਵਿਚ ਬਿਜਲੀ ਦੀ ਮੰਗ 14500 ਮੈਗਾਵਾਟ ਤੱਕ ਪਹੁੰਚ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਦਫਤਰਾਂ ਵਿੱਚ ਏਅਰ ਕੰਡੀਸ਼ਨਰ (ਏਸੀ) ਦੀ ਵਰਤੋਂ ਉੱਤੇ ਪਾਬੰਦੀ ਲਾਉਣ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਮੌਜੂਦਾ ਬਿਜਲੀ ਸੰਕਟ ਦੇ ਮੱਦੇਨਜ਼ਰ ਸੰਘਰਸ਼ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ। ਮੀਟਿੰਗ ਦੌਰਾਨ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ), ਪੀਐੱਸਪੀਸੀਐੱਲ ਦੇ ਸੀਐੱਮਡੀ ਅਤੇ ਵਿਸ਼ੇਸ਼ ਸਕੱਤਰ (ਵਿੱਤ) ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰੇਗੀ।

Leave a Reply

Your email address will not be published. Required fields are marked *