ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਕਿਸਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਅਸਮਾਨੀਂ ਚੜ੍ਹ ਰਹੀਆਂ ਕੀਮਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਅੱਜ ਦੋ ਘੰਟਿਆਂ ਲਈ ਦੇਸ਼ ਭਰ ’ਚ ਜ਼ੋਰਦਾਰ ਪ੍ਰਦਰਸ਼ਨ ਕੀਤੇ। ਕਿਸਾਨਾਂ ਨੇ ਕੌਮੀ ਅਤੇ ਸੂਬਾ ਰਾਜਮਾਰਗਾਂ ’ਤੇ ਆਪਣੇ ਵਾਹਨਾਂ ਅਤੇ ਸਿਲੰਡਰਾਂ ਨਾਲ ਸ਼ਾਂਤੀਪੂਰਬਕ ਰੋਸ ਪ੍ਰਗਟਾਇਆ ਤਾਂ ਜੋ ਸਰਕਾਰ ਦਾ ਧਿਆਨ ਈਂਧਣ ਕੀਮਤਾਂ ’ਚ ਵਾਧੇ ਕਾਰਨ ਲੋਕਾਂ ’ਤੇ ਪੈ ਰਹੇ ਮਾੜੇ ਅਸਰ ਵੱਲ ਧਿਆਨ ਦਿਵਾਇਆ ਜਾ ਸਕੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਸੱਦੇ ’ਤੇ ਟਿਕਰੀ, ਗਾਜ਼ੀਪੁਰ ਅਤੇ ਸਿੰਘੂ ਬਾਰਡਰਾਂ ਸਮੇਤ ਹੋਰ ਥਾਵਾਂ ’ਤੇ ਕਿਸਾਨਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨਾਂ ਨੇ ਗੈਸ ਸਿਲੰਡਰ ਹੱਥਾਂ ਉਪਰ ਚੁੱਕ ਕੇ ਕੇਂਦਰ ਸਰਕਾਰ ਤੋਂ ਮਹਿੰਗਾਈ ਘਟਾਉਣ ਦੀ ਮੰਗ ਕੀਤੀ। ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵੇ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਅਤੇ ਉੱਤਰੀ ਰਾਜਾਂ ਵਿੱਚ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਮਹਿੰਗਾਈ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ। ਪ੍ਰਦਰਸ਼ਨਾਂ ’ਚ ਬੀਬੀਆਂ ਨੇ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਕਿਤੇ ਵੀ ਸੜਕਾਂ ਜਾਮ ਨਹੀਂ ਕੀਤੀਆਂ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੀ। ਰੋਸ ਪ੍ਰਦਰਸ਼ਨਾਂ ਦੇ ਅਖੀਰ ਵਿੱਚ ਵਾਹਨਾਂ ਦੇ ਹਾਰਨ ਵਜਾ ਕੇ ਕੇਂਦਰ ਸਰਕਾਰ ਨੂੰ ਜਾਗਣ ਦਾ ਹੋਕਾ ਦਿੱਤਾ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਅੱਧੀਆਂ ਕੀਤੀਆਂ ਜਾਣ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਗਈਆਂ ਹਨ ਜੋ ਹਵਾਈ ਜਹਾਜ਼ਾਂ ਦੇ ਬਾਲਣ ਦੀ ਕੀਮਤ ਤੋਂ ਵੀ ਵੱਧ ਹਨ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਤੋਂ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤੇ ਗੲੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਉੜੀਸਾ, ਛੱਤੀਸਗੜ, ਰਾਜਸਥਾਨ ਅਤੇ ਤਾਮਿਲਨਾਡੂ ’ਚ ਵੀ ਤੇਲ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਬਹਾਦਰਗੜ੍ਹ ਦੇ ਐੱਸਡੀਐੱਮ ਦਫ਼ਤਰ ਅੱਗੇ ਵਾਹਨ ਅਤੇ ਸਿਲੰਡਰ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਸ੍ਰੀ ਉਗਰਾਹਾਂ ਨੇ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੇ ਰੇਟਾਂ ’ਚ ਕੀਤਾ ਜਾ ਰਿਹਾ ਭਾਰੀ ਵਾਧਾ ਕਿਸਾਨਾਂ ਅਤੇ ਕਿਰਤੀ ਗ਼ਰੀਬ ਲੋਕਾਂ ਨੂੰ ਆਰਥਿਕ ਪੱਖੋਂ ਹੋਰ ਲੁੱਟਣ ਦੀ ਮਨਸ਼ਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਹਿਣ ’ਤੇ ਇਰਾਨ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਗਿਆ ਹੈ। ‘ਦੁਨੀਆ ’ਚ ਜਦੋਂ ਕੱਚੇ ਤੇਲ ਦੀ ਕੀਮਤ ਕੌਮਾਂਤਰੀ ਪੱਧਰ ’ਤੇ 150 ਡਾਲਰ ਪ੍ਰਤੀ ਬੈਰਲ ਸੀ ਤਾਂ ਉਸ ਸਮੇਂ ਭਾਰਤ ’ਚ ਤੇਲ ਦੀ ਕੀਮਤ 58 ਰੁਪਏ ਲਿਟਰ ਸੀ ਪਰ ਜਦੋਂ ਕੌਮਾਂਤਰੀ ਪੱਧਰ ’ਤੇ ਕੀਮਤ ਘੱਟ ਕੇ 75 ਡਾਲਰ ਰਹਿ ਗਈ ਹੈ ਤਾਂ ਭਾਰਤ ’ਚ ਤੇਲ ਦੀਆਂ ਕੀਮਤਾਂ ਸੈਂਕੜਾ ਪਾਰ ਕਰ ਗਈਆਂ ਹਨ।’ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਸਰਕਾਰਾਂ ਵੱਲੋਂ ਤੇਲ ਨੂੰ ਕੰਟਰੋਲ ਮੁਕਤ ਕਰਨਾ ਅਤੇ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਸਮਝੌਤੇ ਹਨ। ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ’ਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ ਹੈ।

ਕੁਝ ਥਾਵਾਂ ’ਤੇ ਕਿਸਾਨਾਂ ਨੇ ਰੱਸੀ ਨਾਲ ਟਰੈਕਟਰ ਅਤੇ ਹੋਰ ਵਾਹਨ ਖਿੱਚ ਕੇ ਵਿਲੱਖਣ ਸੰਦੇਸ਼ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਅਤੇ ਰਣਜੀਤ ਸਿੰਘ ਕਲੇਰ ਨੇ ਦੱਸਿਆ ਕਿ ਮੋਦੀ ਸਰਕਾਰ ਆਪਣੇ 7 ਸਾਲਾਂ ਤੋਂ ਵਧੇਰੇ ਦੇ ਕਾਰਜਕਾਲ ਦੌਰਾਨ ਹਰ ਖੇਤਰ ਅੰਦਰ ਨਾਕਾਮਯਾਬ ਹੀ ਨਹੀਂ ਰਹੀਂ ਬਲਕਿ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਨਾਂ ਸਿਰਫ਼ ਘੱਟ ਗਿਣਤੀਆਂ, ਦਲਿਤਾਂ, ਨਿਰਪੱਖ ਵਿਚਾਰਵਾਨਾਂ ’ਤੇ ਜ਼ੁਲਮ ਕੀਤੇ ਸਗੋਂ ਉਨ੍ਹਾਂ ਨੂੰ ਖ਼ਤਮ ਕਰਨ ਦੇ ਯਤਨ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਵੱਡਾ ਹਿੱਸਾ ਸਰਮਾਇਆ ਸਿਰਫ਼ 1 ਫੀਸਦੀ ਲੋਕਾਂ ਕੋਲ ਹੈੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਨਾਲਾਇਕੀਆਂ ਲੁਕਾਉਣ ਲਈ ਮੰਤਰੀ ਮੰਡਲ ’ਚ ਫੇਰਬਦਲ ਕੀਤਾ ਹੈ।

Leave a Reply

Your email address will not be published. Required fields are marked *