ਅੰਦੋਲਨ ਖ਼ਤਮ ਕਰਕੇ ਗੱਲਬਾਤ ਦੀ ਮੇਜ਼ ’ਤੇ ਆਉਣ ਕਿਸਾਨ: ਤੋਮਰ

ਨਵੀਂ ਦਿੱਲੀ: ਕੇਂਦਰੀ ਵਜ਼ਾਰਤ ’ਚ ਵੱਡੇ ਫੇਰਬਦਲ ਤੋਂ ਇਕ ਦਿਨ ਮਗਰੋਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਵਿੱਢਿਆ ਆਪਣਾ ਸੰਘਰਸ਼ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਵਿਚਲੀਆਂ ਵਿਵਸਥਾਵਾਂ ਬਾਰੇ ਸਰਕਾਰ ਨਾਲ ਮੁੜ ਗੱਲਬਾਤ ਸ਼ੁਰੂ ਕਰਨ। ਤੋਮਰ ਨੇ ਹਾਲਾਂਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀਆਂ ਸੰਭਾਵਨਾਵਾਂ ਤੋਂ ਉੱਕਾ ਹੀ ਨਾਂਹ ਕਰ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਖਰੀਦ ਤੇ ਮੰਡੀਆਂ (ਏਪੀਐੱਮਸੀ) ਦਾ ਪ੍ਰਬੰਧ ਜਾਰੀ ਰਹੇਗਾ ਤੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਤੋਮਰ ਦਾ ਇਹ ਬਿਆਨ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂ ਕਿਸਾਨਾਂ ਨੇ ਅਗਾਮੀ ਮੌਨਸੂਨ ਇਜਲਾਸ ਦੇ ਮੱਦੇਨਜ਼ਰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਕੀਤੀ ਹੋਈ ਹੈ। ਸ੍ਰੀ ਤੋਮਰ ਨੇ ਵਜ਼ਾਰਤ ’ਚ ਫੇਰਬਦਲ ਮਗਰੋਂ ਹੋਈ ਪਲੇਠੀ ਕੈਬਨਿਟ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਵੇਰਵੇ ਦਿੰਦਿਆਂ ਕਿਹਾ, ‘‘ਮੈਂ ਤੁਹਾਡੇ ਮਾਰਫ਼ਤ ਕਿਸਾਨ ਯੂਨੀਅਨਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਉਹ ਇਨ੍ਹਾਂ ਮੁੱਦਿਆਂ ’ਤੇ ਸੰਜੀਦਗੀ ਨਾਲ ਵਿਚਾਰ ਕਰਨ ਤੇ ਅੰਦੋਲਨ ਖ਼ਤਮ ਕਰ ਦੇਣ। ਉਹ ਗੱਲਬਾਤ ਦੇ ਰਾਹ ਪੈਣ। ਸਰਕਾਰ ਗੱਲਬਾਤ ਲਈ ਤਿਆਰ ਹੈ।’’ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾ ਕੇ ਉਨ੍ਹਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਤੋਮਰ ਨੇ ਕਿਹਾ ਕਿ ਉਹ ਕਿਸਾਨ ਯੂਨੀਅਨਾਂ ਨੂੰ ਕਈ ਵਾਰ ਦੱਸ ਚੁੱਕੇ ਹਨ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਛੁੱਟ ਕਿਸੇ ਵੀ ਤਜਵੀਜ਼ ’ਤੇ ਚਰਚਾ ਲਈ ਤਿਆਰ ਹੈ।’ ਤੋਮਰ ਨੇ ਕਿਹਾ ਕਿ ਏਪੀਐੱਮਸੀ ਨੂੰ ਲੈ ਕੇ ਕੈਬਨਿਟ ਦੇ ਫੈਸਲਿਆਂ ਮਗਰੋਂ ਕਿਸਾਨ ਯੂਨੀਅਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਮੰਡੀਆਂ ਦਾ ਪ੍ਰਬੰਧ ਖ਼ਤਮ ਨਹੀਂ ਹੋਵੇਗਾ। ਇਸ ਦੌਰਾਨ ਨਵੇਂ ਖੇਤੀ ਰਾਜ ਮੰਤਰੀ ਸ਼ੋਭਾ ਕਰਾਂਦਲਜੇ ਨੇ ਕਿਹਾ ਕਿ ਉਹ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ ਲਈ ਖੁ਼ਦ ਕਿਸਾਨ ਭਾਈਚਾਰੇ ਤੱਕ ਪਹੁੰਚ ਕਰਨਗੇ। ਕਰਾਂਦਲਜੇ ਨੇ ਮੰਤਰੀ ਵਜੋਂ ਚਾਰਜ ਲੈਣ ਮਗਰੋਂ ਕਿਹਾ, ‘‘ਮੈਂ ਸਾਰੇ ਰਾਜਾਂ ਵਿੱਚ ਜਾ ਕੇ ਕਿਸਾਨਾਂ ਨੂੰ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਾਂਗੀ।’’

Leave a Reply

Your email address will not be published. Required fields are marked *