ਕੈਪਟਨ ਦੀ ਰਿਹਾਇਸ਼ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਨੇ ਵਰ੍ਹਾਈਆਂ ਡਾਂਗਾਂ

ਪਟਿਆਲਾ: ਰੁਜ਼ਗਾਰ ਦੀ ਮੰਗ ਨੂੰ ਲੈ ਕੇ ‘ਨਿਊ ਮੋਤੀ ਬਾਗ ਪੈਲੇਸ’ ਵੱਲ ਗਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਖਿੱਚ-ਧੂਹ ਕੀਤੀ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਟਾਂ ਵੱਜੀਆਂ ਜਿਨ੍ਹਾਂ ’ਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਤਿੱਖੇ ਰੋਸ ਪ੍ਰਦਰਸ਼ਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ 20 ਜੁਲਾਈ ਨੂੰ ਚੰਡੀਗੜ੍ਹ ’ਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਤੈਅ ਕਰਵਾਈ ਹੈ। ਤਾਰੀਕ ਤੈਅ ਹੋਣ ਮਗਰੋਂ ਹੀ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਅਤੇ ਉਹ ਮੋਤੀ ਬਾਗ ਪੈਲੇਸ ਨੇੜਲੇ ਬੈਰੀਕੇਡ ਤੋਂ ਪਰਤਣ ਲਈ ਰਾਜ਼ੀ ਹੋਏ। ਪ੍ਰਦਰਸ਼ਨਕਾਰੀ ਇਸ ਗੱਲੋਂ ਡਾਢੇ ਖਫ਼ੇ ਸਨ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਵੱਲੋਂ 7 ਜੁਲਾਈ ਦੀ ਪਿਛਲੀ ਬੈਠਕ ਦੌਰਾਨ ਉਨ੍ਹਾਂ ਨੂੰ 14 ਜੁਲਾਈ ਦੀ ਕੈਬਨਿਟ ਮੀਟਿੰਗ ’ਚ ਮਸਲੇ ਦਾ ਹੱਲ ਨਿਕਲਣ ਦਾ ਯਕੀਨ ਦਿਵਾਇਆ ਗਿਆ ਸੀ ਪਰ ਉਹ ਵਾਅਦਾ ਅੱਜ ਫਲਾਪ ਅਤੇ ਝੂਠਾ ਸਿੱਧ ਹੋਇਆ। ਭੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਅਚਨਚੇਤ ਤੇ ਗੁਪਤ ਤਰੀਕੇ ਨਾਲ ਲੀਲਾ ਭਵਨ ਤੋਂ ਮੋਤੀ ਬਾਗ ਪੈਲੇਸ ਵੱਲ ਵਹੀਰਾਂ ਘੱਤ ਲਈਆਂ। ਵਾਈਪੀਐੱਸ ਚੌਕ ’ਤੇ ਭਾਵੇਂ ਵੱਡੀ ਗਿਣਤੀ ’ਚ ਪੁਲੀਸ ਮੁਸਤੈਦ ਸੀ ਪ੍ਰੰਤੂ ਬੇਰੁਜ਼ਗਾਰ ਅਧਿਆਪਕਾਂ ਨੇ ਪੈਲੇਸ ਦੇ ਇਕ ਬੈਰੀਕੇਡ ’ਤੇ ਧਾਵਾ ਬੋਲ ਦਿੱਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂਹ ਅਜੇ ਆਰੰਭੀ ਹੀ ਸੀ ਕਿ ਉਨ੍ਹਾਂ ‘ਸਾਈ ਸੈਂਟਰ’ ਦੀ ਸੜਕ ਤੋਂ ਘੁੰਮ ਕੇ ਮੋਤੀ ਬਾਗ ਪੈਲੇੇਸ ਦੇ ਐਨ ਨੇੜੇ ਪੈਂਦੇ ਅਗਲੇ ਬੈਰੀਕੇਡ ’ਤੇ ਹੱਲਾ ਬੋਲ ਦਿੱਤਾ। ਪੁਲੀਸ ਨੂੰ ਇੱਕ ਵਾਰ ਤਾਂ ਭਾਜੜਾਂ ਪੈ ਗਈਆਂ ਸਨ ਪ੍ਰੰਤੂ ਸਥਿਤੀ ਨੂੰ ਨਾਜ਼ੁਕ ਹੋਣ ਤੋਂ ਬਚਾਉਣ ਲਈ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ। ਪੁਲੀਸ ਹੱਥੋਂ ਕਈ ਮਹਿਲਾਵਾਂ ਵੀ ਕੁੱਟਮਾਰ ਅਤੇ ਖਿੱਚ-ਧੂਹ ਦਾ ਸ਼ਿਕਾਰ ਬਣੀਆਂ ਹਨ। ਜਬਰ ਦੌਰਾਨ ਪੁਲੀਸ ਕਰਮੀਆਂ ਦੀਆਂ ਤਿੰਨ ਡਾਂਗਾਂ ਵੀ ਟੁੱਟ ਗਈਆਂ, ਜਿਹੜੀਆਂ ਯੂਨੀਅਨ ਨੇ ਮੀਡੀਆ ਨੂੰ ਵੀ ਵਿਖਾਈਆਂ। ਯੂਨੀਅਨ ਦੇ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪੁਲੀਸ ਨੇ ਮਹਿਲਾਵਾਂ ਨੂੰ ਬੁਰੀ ਤਰ੍ਹਾਂ ਘੜੀਸਿਆ ਹੈ। ਉਨ੍ਹਾਂ ਦੱਸਿਆ ਕਿ ਲਾਠੀਚਾਰਜ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ, ਸੰਦੀਪ ਸਾਮਾ, ਹਰਪ੍ਰੀਤ ਸਿੰਘ, ਪ੍ਰਗਟ ਬੋਹਾ, ਬਲਵਿੰਦਰ ਕਾਕਾ, ਅਮਨ ਸੱਗੂ, ਪਿੰਕੀ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਬੇਅੰਤ ਕੌਰ ਅਤੇ ਕਰਮਜੀਤ ਕੌਰ ਆਦਿ ਨੂੰ ਸੱਟਾਂ ਵੱਜੀਆਂ ਹਨ। ਉਧਰ ਇਸ ਜਥੇਬੰਦੀ ਦੇ ਆਗੂ ਸੁਰਿੰਦਰਪਾਲ ਗੁਰਦਾਸਪੁਰ, ਜਿਹੜੇ ਲੀਲਾ ਭਵਨ ਚੌਕ ਕੋਲ ਟਾਵਰ ’ਤੇ ਚੜ੍ਹੇ ਹੋਏ ਹਨ, ਨਾਸਾਜ਼ ਸਿਹਤ ਦੇ ਬਾਵਜੂਦ 200 ਫੁੱਟ ਉੱਚੇ ਟਾਵਰ ’ਤੇ ਪਿਛਲੇ 116 ਦਿਨ ਤੋਂ ਡਟੇ ਹੋਏ ਹਨ।

Leave a Reply

Your email address will not be published. Required fields are marked *