ਸੌਦਾ ਸਾਧ ਦੇ ਹੱਕ ’ਚ ਭੁਗਤੀ ਨਵੀਂ ਸਿਟ: ਜਥੇਦਾਰ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਦੁਆਰਾ ਹਾਲ ਹੀ ਵਿੱਚ ਪੇਸ਼ ਕੀਤੇ ਚਲਾਨ ’ਤੇ ਇਤਰਾਜ਼ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਇਸ ਚਲਾਨ ਵਿੱਚੋਂ ਸੌਦਾ ਸਾਧ ਦਾ ਨਾਮ ਸਾਜ਼ਿਸ਼ ਤਹਿਤ ਬਾਹਰ ਕੱਢਿਆ ਗਿਆ ਹੈ। ਜਥੇਦਾਰ ਨੇ ਮੰਗ ਕੀਤੀ ਕਿ ‘ਸਿਟ’ ਇਸ ਮਾਮਲੇ ਨੂੰ ਜਨਤਕ ਕਰੇ ਕਿ ਚਲਾਨ ਵਿੱਚੋਂ ਸੌਦਾ ਸਾਧ ਦਾ ਨਾਂ ਬਾਹਰ ਕਿਉਂ ਕੱਢਿਆ ਗਿਆ ਹੈ।

ਇੱਥੇ ਅਕਾਲ ਤਖ਼ਤ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੇਅਦਬੀ ਮਾਮਲੇ ’ਚ ਦਰਜ ਐੱਫਆਈਆਰ ਨੰਬਰ 63 ਅਤੇ 128 ਵਿੱਚ ਡੇਰਾ ਸਿਰਸਾ ਮੁਖੀ ਦਾ ਨਾਂ ਸ਼ਾਮਲ ਸੀ। ਡੇਰਾ ਸਮਰਥਕ ਮਹਿੰਦਰ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਡੇਰਾ ਸਿਰਸਾ ਮੁਖੀ ਦਾ ਨਾਂ ਐੱਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਵੀਂ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਲੰਘੇ ਦਿਨੀਂ ਐੱਫਆਈਆਰ ਨੰ. 28 ਦੇ ਆਧਾਰ ’ਤੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਕਮੇਟੀ ਨੇ ਚੁਪ ਚਪੀਤੇ ਚਲਾਨ ਵਿਚੋਂ ਡੇਰਾ ਸਿਰਸਾ ਮੁਖੀ ਦਾ ਨਾਂ ਬਾਹਰ ਕੱਢ ਦਿੱਤਾ ਹੈ, ਜੋ ਕਿ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ‘ਸਿਟ’ ਇਸ ਮਾਮਲੇ ਨੂੰ ਜਨਤਕ ਕਰੇ ਕਿ ਉਸ ਨੇ ਚਲਾਨ ਵਿੱਚੋਂ ਡੇਰਾ ਸਿਰਸਾ ਮੁਖੀ ਦਾ ਨਾਂ ਬਾਹਰ ਕਿਉਂ ਕੱਢਿਆ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਨੂੰ ਪੰਜਾਬ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਜਾਂਦੀ। ਉਸ ਕੋਲੋਂ ਹੋਰਨਾਂ ਮੁਲਜ਼ਮਾਂ ਵਾਂਗ ਐੱਫਆਈਆਰ 63 ਅਤੇ 128 ਵਿਚਲੇ ਦੋਸ਼ਾਂ ਬਾਰੇ ਸਖ਼ਤੀ ਨਾਲ ਪੁੱਛ-ਪੜਤਾਲ ਹੁੰਦੀ। ਉਨ੍ਹਾਂ ਕਿਹਾ ਕਿ ਤਫ਼ਤੀਸ਼ੀ ਅਧਿਕਾਰੀਆਂ ਨੇ ਪੁੱਛ-ਪੜਤਾਲ ਤਾਂ ਕੀ ਕਰਨੀ ਸੀ ਸਗੋਂ ਡੇਰਾ ਸਿਰਸਾ ਮੁਖੀ ਦਾ ਨਾਮ ਹੀ ਐੱਫਆਈਆਰ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਰਕਾਰ ਦੀ ਨੀਯਤ ’ਤੇ ਸ਼ੱਕ ਪੈਦਾ ਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਿਚ ਕੇਂਦਰ ਸਰਕਾਰ ਦੀ ਵੀ ਮਿਲੀਭੁਗਤ ਹੋ ਸਕਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਆਗਾਮੀ ਚੋਣਾਂ ਜਿੱਤਣ ਲਈ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਸੁਚੇਤ ਕੀਤਾ ਕਿ ਬੇਅਦਬੀ ਮਾਮਲੇ ’ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ, ਕਿਉਂਕਿ ਇਹ ਮਾਮਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਸਿਆਸੀ ਪਾਰਟੀਆਂ ਦਾ ਵੋਟ ਬੈਂਕ ਹਨ ਡੇਰਾ ਸਮਰਥਕ

ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਡੇਰਾ ਸਿਰਸਾ ਦੇ ਸਮਰਥਕ ਸਿਆਸੀ ਪਾਰਟੀਆਂ ਦਾ ਵੋਟ ਬੈਂਕ ਹਨ ਅਤੇ ਸਿਆਸੀ ਪਾਰਟੀਆਂ ਇਸ ਵੋਟ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਹੋਈਆਂ ਸਾਰੀਆਂ ਜਾਂਚਾਂ ਸਿਆਸਤ ਤੋਂ ਪ੍ਰਭਾਵਿਤ ਲਗਦੀਆਂ ਹਨ। ਉਨ੍ਹਾਂ ਕਿਹਾ ਕਿ 16 ਜੁਲਾਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦੀ ਸਿੱਖ ਜਥੇਬੰਦੀਆਂ ਦੀ ਅਹਿਮ ਮੀਟਿੰਗ ਵਿਚ ਇਸ ਮਾਮਲੇ ਨੂੰ ਵੀ ਰੱਖਿਆ ਜਾਵੇਗਾ। ਜਥੇਦਾਰ ਨੇ ਖੁਲਾਸਾ ਕੀਤਾ ਕਿ 2015 ਵਿੱਚ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਤਾਂ ਉਹ ਖ਼ੁਦ ਉਸ ਵੇਲੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਮੁੱਖ ਗ੍ਰੰਥੀ ਵਜੋਂ ਤਾਇਨਾਤ ਸਨ। ਬੇਅਦਬੀ ਕੀਤੇ ਅੰਗਾਂ ਦੀ ਸਪੁਰਦਗੀ ਉਨ੍ਹਾਂ ਨੇ ਖੁ਼ਦ ਹਾਸਲ ਕੀਤੀ ਸੀ।

Leave a Reply

Your email address will not be published. Required fields are marked *