ਪੰਜਾਬ ਤੋਂ ਗਏ ਮਜ਼ਦੂਰਾਂ ਦੀ ਬੱਸ ਵਿੱਚ ਟਰੱਕ ਵੱਜਿਆ,18 ਹਲਾਕ

ਬਾਰਾਬੰਕੀ(ਯੂਪੀ): ਇੱਥੇ ਭਾਰੀ ਮੀਂਹ ਦਰਮਿਆਨ ਇੱਕ ਖੜ੍ਹੀ ਬੱਸ ਵਿੱਚ ਇੱਕ ਟਰੱਕ ਵੱਜਣ ਕਾਰਨ ਘੱਟੋ-ਘੱਟ 18 ਵਿਅਕਤੀ ਮਾਰੇ ਗਏ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਹਾਦਸਾ ਲਖਨਊ-ਅਯੁੱਧਿਆ ਹਾਈਵੇਅ ’ਤੇ ਕੋਤਵਾਲੀ ਰਾਮਸਨੇਹੀਘਾਟ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਵਾਪਰਿਆ।

ਇਹ ਬੱਸ ਪੰਜਾਬ ਤੇ ਹਰਿਆਣਾ ਤੋਂ 130 ਮਜ਼ਦੂਰਾਂ ਨੂੰ ਬਿਹਾਰ ਲਿਜਾ ਰਹੀ ਸੀ। ਪੁਲੀਸ ਮੁਤਾਬਕ ਇਸ ਬੱਸ ਦਾ ਐਕਸਲ ਟੁੱਟਣ ਕਾਰਨ ਇਸ ਨੂੰ ਸੜਕ ਕਿਨਾਰੇ ਖੜ੍ਹਾਇਆ ਗਿਆ ਸੀ ਜਿਸ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਵਿੱਚ ਟੱਕਰ ਮਾਰ ਦਿੱਤੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਦੋਂ ਕੁਝ ਯਾਤਰੀ ਬੱਸ ਦੇ ਬਾਹਰ ਖੜ੍ਹੇ ਜਾਂ ਆਰਾਮ ਕਰ ਰਹੇ ਸਨ ਜਦਕਿ ਕੁਝ ਬੱਸ ਦੇ ਅੰਦਰ ਬੈਠੇ ਸਨ। ਇਸ ਦੌਰਾਨ ਜਿੱਥੇ 11 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਉੱਥੇ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਵੀ 7 ਜਣਿਆਂ ਨੇ ਦਮ ਤੋੜ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ। ਲਖਨਊ ਜ਼ੋਨ ਦੇ ਏਡੀਜੀਪੀ ਐੱਸ ਐੱਨ ਸਬਾਤ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਗੰਭੀਰ ਹਾਲਤ ਵਾਲਿਆਂ ਨੂੰ ਲਖਨਊ ਸਥਿਤ ਟਰੌਮਾ ਸੈਂਟਰ ਲਈ ਰੈਫ਼ਰ ਕਰ ਦਿੱਤਾ ਗਿਆ। ਐੱਸਪੀ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਯਾਤਰੀਆਂ ਦੇ ਪਰਿਵਾਰ ਹੈਲਪਲਾਈਨ ਨੰਬਰ 9454417464 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਬਿਹਾਰ ਦੇ ਸੀਤਾਮੜੀ, ਮਧੇਪੁਰਾ, ਸੁਪੌਲ ਤੇ ਸਹਿਰਸਾ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਮਗਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ।

ਮੋਦੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 50,000 ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ।

Leave a Reply

Your email address will not be published. Required fields are marked *