“ਕੋਠੇ ਕੋਠੇ ਆਜਾ ਵੀਰਨਾ”-ਲੰਡਨ ਤੋਂ ਮਨਦੀਪ ਕੌਰ ਭੰਡਾਲ

ਪੁਰਾਣੇ ਸਮਿਆਂ ਵਿੱਚ ਵੀਰ ਦਾ ਭੈਣ ਨੂੰ ਸਹੁਰੇ ਘਰ ਮਿਲਣ ਜਾਣਾ ਇੱਕ ਬਹੁਤ ਹੀ ਖੁਸ਼ਨੁਮਾ ਅਤੇ ਭਾਵੁਕ ਅਹਿਸਾਸ ਹੁੰਦਾ ਸੀ । ਪੁਰਾਣੇ ਸਮਿਆਂ ਵਿੱਚ ਕਈ ਰੀਤੀ- ਰਿਵਾਜ ਬੇਸ਼ੱਕ ਛੋਟੇ ਸਨ ਪਰ ਰਿਸ਼ਤਿਆਂ ਨੂੰ ਜੋੜਨ ਵਿੱਚ ਸੀਮਿੰਟ ਦਾ ਕੰਮ ਕਰਦੇ ਸਨ ।ਪਹਿਲੀ ਵੀਰ ਕੁੜੀ ਨੂੰ ਸਹੁਰਿਆਂ ਤੋਂ ਲੈਣ ਜਾਣਾ, ਤੀਆਂ ਤੇ ਲੈਣ ਜਾਣਾ, ਲੋਹੜੀ, ਦੀਵਾਲੀ ਆਦਿ ਤਿਉਹਾਰਾਂ ਤੇ ਵੀਰ ਦਾ ਕਿਸੇ ਨਾ ਕਿਸੇ ਤਰੀਕੇ ਜਾਣਾ ‘ਬਣਦਾ’ ਰਿਹਾ ਹੈ । ਪਰ ਇਹਨਾਂ ਰੀਤੀ-ਰਿਵਾਜਾਂ ਦਾ ਅੱਜਕੱਲ ਪ੍ਰਚਲਨ ਬਹੁਤ ਘੱਟ ਗਿਆ ਹੈ । ਪੁਰਾਣੇ ਸਮਿਆਂ ਵਿੱਚ ਵੀਰ ਦਾ ਸਹੁਰਿਆਂ ਵਿੱਚ ਪੂਰਾ ਰੋਅਬ ਹੁੰਦਾ ਸੀ ਅਤੇ ਸੱਸ ਦੀਆਂ ਸ਼ਿਕਾਇਤਾਂ ਤੇ ਸ਼ਿਕਵੇ ਮਾਪਿਆਂ ਨਾਲੋਂ ਵੀਰ ਨਾਲ ਸਾਂਝੇ ਕਰਨੇ ਵਧੇਰੇ ਠੀਕ ਜਾਂਦੇ ਸਨ ।ਇਸੇ ਕਰਕੇ ਵੀਰ ਦੇ ਆਉਣ ਦਾ ਚਾਅ ਤਿਉਹਾਰ ਨਾਲੋਂ ਕਿਤੇ ਜ਼ਿਆਦਾ ਹੁੰਦਾ ਸੀ । ਕਿਓਂਕਿ ਉਹਨਾਂ ਦਿਨਾਂ ਵਿੱਚ ਔਰਤ ਦੀ ਸਮਾਜ ਵਿੱਚ ਸਥਿਤੀ ਬਹੁਤ ਹੀ ਛੋਟੀ ਹੁੰਦੀ ਸੀ । ਕੁੜੀਆਂ ਨੂੰ ਨਿਆਣੀਆਂ ਵਿਆਹ ਦਿੱਤਾ ਜਾਣ ਕਰਕੇ ਕਈ ਵਾਰ ਘਰੇਲੂ ਕੰਮਾਂ ਕਾਰਾਂ ਵਿੱਚ ਕਈ ਵਾਰ ਪੂਰੀ ਤਰ੍ਹਾਂ ਪ੍ਰਪੱਕ ਨਾ ਹੋਣ ਕਰਕੇ ਵੀ ਸੱਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਜਾਂਦੀਆਂ ਸਨ । ਇਸ ਤੋਂ ਇਲਾਵਾਂ ਦਾਜ ਵਰਗੀਆਂ ਕੁਰੀਤੀਆਂ ਦੀ ਕਾਲੀ ਬਿਜਲੀ ਵੀ ਔਰਤ ਤੇ ਡਿੱਗਦੀ ਰਹੀ ਸੀ । ਇਸ ਤਰਾਂ ਦੇ ਹਾਲਾਤਾਂ ਵਿੱਚ ਹਰ ਭੈਣ ਆਪਣੇ ਭਰਾ ਦਾ ਰਾਹ ਤੱਕਦੀ ਸੀ ਅਤੇ ਧੀ-ਧਿਆਣੀ ਪੇਕੇ ਜਾ ਕੇ ਸੁੱਖ ਦਾ ਸਾਹ ਲੈ ਪਾਉਂਦੀ ਸੀ । ਪਰ ਅੱਜ ਦੀ ਔਰਤ ਇਹ ਸੋਚ ਕੇ ਹੀ ਡਰ ਜਾਂਦੀ ਕਿ ਓਹਨਾ ਰਾਹਾਂ ਤੋਂ ,ਜਿੱਥੋਂ ਉਸ ਦੀਆਂ ਵੱਡ-ਵਡੇਰੀਆਂ ਲੰਘਦੀਆਂ ਰਹੀਆਂ ਸਨ । ਕਿੱਡੀ ਵੱਡੀ ਨਾਇਨਸਾਫ਼ੀ ਸੀ ਕਿ ਸਾਰੀ ਜ਼ਿੰਦਗੀ ਸਹੁਰੇ ਘਰ ਕੰਮ ਕਰਦੀ ਹੁੰਦੀ ਹੈ ਪਰ ਧੀ ਦਾ ਕੱਫ਼ਨ ਵੀ ਪੇਕਿਆਂ ਨੂੰ ਪਾਉਣਾ ਪੈਂਦਾ ਹੈ । ਜੇ ਦੇਖਿਆ ਜਾਵੇ ਸਹੁਰੇ ਕਾਹਦੇ ਹੁੰਦੇ ਸੀ ਇੱਕ ਕਿਸਮ ਦੀ ਜੇਲ ਹੁੰਦੀ ਸੀ ਅਤੇ ਸੱਸ ਦੀਆਂ ਵਧੀਕੀਆਂ ਤਾਂ ਕਿਸੇ ਜੇਲਰ ਤੇ ਜੱਲਾਦ ਤੋਂ ਘੱਟ ਨਹੀਂ ਸੀ ਹੁੰਦੀਆਂ । ਕਈ ਵਾਰ ਵੀਰ ਦੇ ਭੈਣ ਨੂੰ ਮਿਲਣ ਤੇ ਸੱਸ ਕੁੰਡਾ ਤੱਕ ਨਹੀਂ ਖੋਲਦੀ ਸੀ । ਅਜਿਹੇ ਹੀ ਮਾਹੌਲ ਦੇ ਹੁੰਦੇ ਹੋਏ ਉਸ ਸਮੇਂ ਦੀ ਪੀੜਿਤ ਮੁਟਿਆਰ ਦੁਆਰਾ ਹੇਠ ਲਿਖੀ ਬੋਲੀ ਰਚੀ ਗਈ ਸੀ :-
ਕੋਠੇ ਕੋਠੇ ਆਜਾ ਵੀਰਨਾ,
ਸੱਸ ਦੈਂਗੜੀ ਕੁੰਡਾ ਨਾ ਖੋਲੇ,
ਪੀੜ੍ਹੀ ਉੱਤੇ ਬਹਿ ਜਾ ਵੀਰਨਾ,
ਸੱਸ ਚੰਦਰੀ ਦੇ ਰੁਦਨ ਸੁਣਾਵਾਂ,
ਨਾਲੇ ਵੀਰ ਰੁਦਨ ਸੁਣੇ …..,
ਨਾਲੇ ਭਰ-ਭਰ ਅੱਖੀਆਂ ਡੋਲ੍ਹੇ,
ਹੌਲੀ- ਹੌਲੀ ਰੋ ਵੀਰਨਾ……,
ਤੇਰੇ ਹੰਝੂਆਂ ਦੇ ਹਾਰ ਪਰੋਵਾਂ…।
ਇਹ ਸਤਰਾਂ ਕਿੰਨਾ ਸਾਰਾ ਪਿਆਰ ਦਰਸਾਉਂਦੀਆਂ ਹਨ ਖ਼ਾਸ ਕਰਕੇ “ਹੰਝੂਆਂ ਦੇ ਹਾਰ ਪਰੋਵਾਂ” ਕਿੰਨਾ ਡੂੰਘਾ ਭਾਵ ਹੈ । ਪੁਰਾਣੇ ਲੋਕ ਗੀਤਾਂ ਵਿੱਚ ਵੀਰ-ਭੈਣ ਦਾ ਅੰਤਾਂ ਦਾ ਮੋਹ ਡੁੱਲ-ਡੁੱਲ ਪੈਂਦਾ ਹੈ । ਆਵਾਜਾਈ ਅਤੇ ਸੰਚਾਰ ਸਾਧਨਾਂ ਦੀ ਘਾਟ ਹੋਣ ਕਰਕੇ ਵੀ ਭੈਣ-ਭਰਾ ਦਾ ਮਿਲਨ ਬਹੁਤ ਹੀ ਸਬੱਬੀ ਹੁੰਦਾ ਸੀ । ਇਸੇ ਕਰਕੇ ਹੀ ਕਿਸੇ ਭੈਣ ਦੀ ਭਾਵੁਕਤਾ ਕੁਝ ਇਸ ਤਰਾਂ ਦੇ ਲੋਕ ਬੋਲ ਵੀ ਸਿਰਜ ਗਈ :-
ਵੀਰ ਜੀ ਦੇ ਬੋਤੇ ਨੂੰ ਨੀ ਮੈਂ.,
ਅੰਬਰੋਂ ਵੇਲ ਵੱਢ ਪਾਵਾਂ…।
ਜਦੋਂ ਮੈਂ ਆਪਣੀ ਦਾਦੀ ਤੋਂ ਇਹਨਾਂ ਸਤਰਾਂ ਦਾ ਭਾਵ ਅਤੇ ਡੁੰਘਾਈ ਬਾਰੇ ਪੁੱਛਿਆ ਕਿ ਅੰਬਰੋਂ ਵੇਲ ਕਿਓ ? ਧਰਤੀ ਤੋਂ ਕਿਓ ਨਹੀਂ ? ਤਾਂ ਓਸਨੇ ਬੜੀ ਰੀਂਝ ਨਾਲ ਦੱਸਿਆ ਕਿ ਅੰਬਰੋਂ ਤੋੜੀ ਵੇਲ ਧਰਤੀ ਤੋਂ ਲਈ ਗਈ ਵੇਲ ਤੋਂ ਵਧੇਰੇ ਸਾਫ਼ ਅਤੇ ਮਿੱਟੀ ਤੋਂ ਰਹਿਤ ਹੁੰਦੀ ਹੈ । ਬਦਲਦੇ ਹੋਏ ਜ਼ਮਾਨੇ ਦੇ ਨਾਲ ਭੈਣ-ਭਰਾ ਦੇ ਰਿਸ਼ਤੇ ਦੇ ਅਰਥ ਬਦਲ ਗਏ ਹਨ । ਅੱਜਕੱਲ੍ਹ ਭੈਣ-ਭਰਾ ਦਾ ਇਹ ਰਿਸ਼ਤਾ ਕਿਤੇ ਨੀ ਕਿਤੇ ਫਿੱਕਾ ਪੈਣ ਕਰਕੇ ਹੀ ਭੈਣ-ਭਰਾ ਦੇ ਰਿਸ਼ਤੇ ਨਾਲ ਸਬੰਧਤ ਲੋਕ ਗੀਤਾਂ ਦੀ ਅਣਹੋਂਦ ਇਸ ਗੱਲ ਦੀ ਗਵਾਹੀ ਦਿੰਦੀ ਹੈ । ਪੰਜਾਬੀ ਲੋਕ ਧਾਰਾ ਨੂੰ ਚੱਲਦੀ ਰੱਖਣ ਲਈ ਅੱਜ ਲੋੜ ਹੈ ਪੁਰਾਣੇ ਸਮਿਆਂ ਦੀ ਤਰਾਂ ਹੀ ਇਹਨਾਂ ਰਿਸ਼ਤਿਆਂ ਵਿੱਚ ਰੂਹ ਫੂਕੀ ਜਾਵੇ । ਰੂਹ ਨਾਲ ਨਿਭਾਏ ਰਿਸ਼ਤੇ ਹੀ ਅਸਲੀ ਭਾਵਾਂ ਵਾਲੇ ਲੋਕ ਗੀਤ ਸਿਰਜ ਸਕਦੇ ਹਨ ।

Leave a Reply

Your email address will not be published. Required fields are marked *