ਪੰਜਾਬੀ ਕੁੜੀਆਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਪਹਿਲੀ ਵਾਰ ਸੈਮੀ-ਫਾਈਨਲ ’ਚ

ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਅੱਜ ਇੱਥੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ ਨੇੜਲੇ ਮੁਕਾਬਲੇ ਵਿੱਚ 1-0 ਨਾਲ ਸ਼ਿਕਸਤ ਦੇ ਕੇ 41 ਸਾਲਾਂ ਵਿੱਚ ਪਹਿਲੀ ਵਾਰ ਓਲੰਪਿਕ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਇਕਲੌਤੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਗੋਲ ਕੀਤਾ। ਮਹਿਲਾ ਟੀਮ ਹੁਣ ਬੁੱਧਵਾਰ ਨੂੰ ਪਹਿਲੇ ਸੈਮੀ ਫਾਈਨਲ ਵਿੱਚ ਅਰਜਨਟੀਨਾ ਨਾਲ ਮੱਥਾ ਲਾਏਗੀ। ਅਰਜਨਟੀਨਾ ਨੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਜਰਮਨੀ ਨੂੰ 3-0 ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਘੇ ਦਿਨ ਗ੍ਰੇਟ ਬ੍ਰਿਟੇਨ ਨੂੰ 3-1 ਦੀ ਸ਼ਿਕਸਤ ਦਿੰਦਿਆਂ ਚਾਰ ਦਹਾਕਿਆਂ ਮਗਰੋਂ ਸੈਮੀ-ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ। ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੂਜੇ ਕੁਆਰਟਰ ਵਿੱਚ ਮਿਲੇ ਪੈਨਲਟੀ ਕਾਰਨਰ ’ਤੇ ਫੈਸਲਾਕੁਨ ਗੋਲ ਕੀਤਾ। ਇਸ ਗੋਲ ਨੂੰ ਬਚਾਉਣ ਲਈ ਭਾਰਤੀ ਟੀਮ ਨੇ ਆਪਣੀ ਪੂਰੀ ਵਾਹ ਲਾ ਦਿੱਤੀ। ਗੋਲਕੀਪਰ ਸਵਿਤਾ ਪੂਨੀਆ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਵੱਲੋਂ ਦਾਗ਼ੇ ਕਈ ਅਹਿਮ ਗੋਲਾਂ ਨੂੰ ਢਾਲ ਬਣ ਕੇ ਬੇਅਸਰ ਕੀਤਾ। ਆਸਟਰੇਲੀਆ ਨੇ ਆਖ਼ਰੀ ਦੋ ਕੁਆਰਟਰਾਂ ਵਿੱਚ ਲਗਾਤਾਰ ਹਮਲੇ ਕੀਤੇ, ਪਰ ਭਾਰਤੀ ਖਿਡਾਰਨਾਂ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ। ਭਾਰਤੀ ਟੀਮ ਹੌਸਲੇ ਨਾਲ ਭਰਪੂਰ ਅਤੇ ਖ਼ੁਦ ਨੂੰ ਸਾਬਤ ਕਰਨ ਲਈ ਦ੍ਰਿੜ੍ਹ ਨਜ਼ਰ ਆਈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਓਲੰਪਿਕ ਵਿੱਚ ਸਰਵੋਤਮ ਪ੍ਰਦਰਸ਼ਨ ਮਾਸਕੋ ਓਲੰਪਿਕ-1980 ਵਿੱਚ ਕੀਤਾ ਸੀ। ਅਮਰੀਕਾ ਤੇ ਰੂਸ ਵਿਰੋਧੀ ਹੋਰਨਾਂ ਮੁਲਕਾਂ ਵੱਲੋਂ ਮਾਸਕੋ ਖੇਡਾਂ ਦੇ ਕੀਤੇ ਬਾਈਕਾਟ ਕਰ ਕੇ ਉਦੋਂ ਸਿਰਫ਼ ਛੇ ਟੀਮਾਂ ਨੇ ਓਲੰਪਿਕ ਦੇ ਹਾਕੀ ਮੁਕਾਬਲਿਆਂ ’ਚ ਸ਼ਮੂਲੀਅਤ ਕੀਤੀ ਸੀ। ਭਾਰਤੀ ਟੀਮ ਰਾਊਂਡ ਰੋਬਿਨ ਆਧਾਰ ’ਤੇ ਖੇਡੇ ਗਏ ਮੈਚਾਂ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ 1980 ਮਾਸਕੋ ਖੇਡਾਂ ਵਿੱਚ ਪਹਿਲੀ ਵਾਰ ਮਹਿਲਾ ਹਾਕੀ ਨੂੰ ਖੇਡ ਮਹਾਕੁੰਭ ਦਾ ਹਿੱਸਾ ਬਣਾਇਆ ਗਿਆ ਸੀ।

ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਪੂਲ ਗੇੜ ਦੇ ਸ਼ੁਰੂਆਤੀ ਮੁਕਾਬਲਿਆਂ ’ਚ ਉਸ ਨੂੰ ਜੂਝਣਾ ਪਿਆ ਸੀ। ਭਾਰਤੀ ਟੀਮ ਪੂਲ ‘ਏ’ ਵਿੱਚ ਦੱਖਣੀ ਅਫਰੀਕਾ ਅਤੇ ਆਇਰਲੈਂਡ ਨੂੰ ਹਰਾ ਕੇ ਚੌਥੇ ਸਥਾਨ ’ਤੇ ਰਹੀ ਸੀ, ਜਦਕਿ ਆਸਟਰੇਲੀਆ ਆਪਣੇ ਪੂਲ ਵਿੱਚ ਸਿਖਰ ’ਤੇ ਰਿਹਾ ਸੀ। ਆਸਟਰੇਲੀਆ ਨੇ ਮੈਚ ਦੇ ਸ਼ੁਰੂਆਤੀ ਮਿੰਟਾਂ ਵਿੱਚ ਭਾਰਤੀ ਡਿਫੈਂਡਰਾਂ ਨੂੰ ਉਲਝਾ ਕੇ ਰੱਖਿਆ। ਦੂਜੇ ਮਿੰਟ ਵਿੱਚ ਉਸ ਨੂੰ ਗੋਲ ਕਰਨ ਦਾ ਮੌਕਾ ਵੀ ਮਿਲਿਆ, ਪਰ ਐਂਬਰੋਸੀਆ ਮਲੋਨੀ ਵੱਲੋਂ ਮਾਰਿਆ ਸ਼ਾਟ ਗੋਲ ਪੋਸਟ ਨਾਲ ਟਕਰਾ ਕੇ ਵਾਪਸ ਆ ਗਿਆ। ਭਾਰਤੀ ਕੋਚ ਸੋਰਡ ਮਾਰਿਨ ਤੋਂ ਵੀ ਖ਼ੁਸ਼ੀ ਰੋਕੀ ਨਾ ਗਈ ਅਤੇ ਉਨ੍ਹਾਂ ਦੇ ਹੰਝੂ ਛਲਕ ਆਏ।

ਮੈਚ ਉਪਰੰਤ ਗੁਰਜੀਤ ਕੌਰ ਨੇ ਕਿਹਾ, ‘‘ਅਸੀਂ ਬਹੁਤ ਖ਼ੁਸ਼ ਹਾਂ। ਇਹ ਸਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ। ਅਸੀਂ 1980 ਵਿੱਚ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ, ਪਰ ਇਸ ਵਾਰ ਅਸੀਂ ਸੈਮੀ-ਫਾਈਨਲ ਵਿੱਚ ਪਹੁੰਚੇ ਹਾਂ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਟੀਮ ਪਰਿਵਾਰ ਵਾਂਗ ਹੈ। ਅਸੀਂ ਇੱਕ-ਦੂਜੇ ਦੀ ਹਮਾਇਤ ਕਰਦੇ ਹਾਂ ਅਤੇ ਸਾਨੂੰ ਦੇਸ਼ ਦੀ ਵੀ ਹਮਾਇਤ ਮਿਲਦੀ ਹੈ। ਅਸੀਂ ਬਹੁਤ ਖ਼ੁਸ਼ ਹਾਂ।’’

Leave a Reply

Your email address will not be published. Required fields are marked *