ਪੈਗਾਸਸ ਉੱਤੇ ਹੰਗਾਮਾ ਜਾਰੀ, ਸੰਸਦ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਧਿਰ ਨੇ ਅੱਜ ਵੀ ਪੈਗਾਸਸ ਜਾਸੂਸੀ ਕਾਂਡ ਤੇ ਹੋਰਨਾਂ ਮੁੱਦਿਆਂ ’ਤੇ ਜ਼ੋਰਦਾਰ ਹੰਗਾਮਾ ਕੀਤਾ। ਇਸੇ ਦੌਰਾਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ (ਮੰਗਲਵਾਰ ਸਵੇਰ ਤੱਕ) ਮੁਲਤਵੀ ਕਰ ਦਿੱਤੀ ਗਈ। ਹਾਲਾਂਕਿ ਹੇਠਲੇ ਸਦਨ ਨੇ ਅੱਜ ਜਨਰਲ ਇੰਸ਼ੋਰੈਂਸ ਬਿਜ਼ਨਸ (ਕੌਮੀਕਰਨ) ਸੋਧ ਬਿੱਲ (ਬੀਮਾ ਕਾਰੋਬਾਰ ਬਿੱਲ) ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਲੋਕ ਸਭਾ ਅੱਜ ਜਦੋਂ ਬਾਅਦ ਦੁਪਹਿਰ 3.30 ਵਜੇ ਦੁਬਾਰਾ ਜੁੜੀ ਤਾਂ ਵਿਰੋਧੀ ਧਿਰਾਂ ਨੇ ਰੋਸ ਪ੍ਰਗਟਾਉਣਾ ਜਾਰੀ ਰੱਖਿਆ। ਇਸੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਉਠਾਏ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਹਨ। ਹੰਗਾਮੇ ਦੌਰਾਨ ਹੀ ਮੰਤਰੀ ਨੇ ਬਿੱਲ ਪਾਸ ਕਰਨ ਦੀ ਗੱਲ ਕੀਤੀ ਤੇ ਸਦਨ ਨੇ ਇਸ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ ਤੱਕ ਤੇ ਦੁਬਾਰਾ ਦੋ ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਜਾਰੀ ਰਹਿਣ ’ਤੇ ਹੇਠਲੇ ਸਦਨ ਨੂੰ 3.30 ਵਜੇ ਤੱਕ ਮੁਲਵਤੀ ਰੱਖਿਆ ਗਿਆ। ਰਾਜ ਸਭਾ ਨੂੰ ਵੀ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਅੱਜ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਉਪਰਲੇ ਸਦਨ ਵਿਚ ਪੈਗਾਸਸ ਜਾਸੂਸੀ ਕਾਂਡ ਤੇ ਹੋਰ ਮੁੱਦੇ ਛਾਏ ਰਹੇ। ਇਸ ਤੋਂ ਪਹਿਲਾਂ ਰਾਜ ਸਭਾ ਮੁਲਤਵੀ ਹੋਣ ਤੋਂ ਬਾਅਦ 3.36 ’ਤੇ ਦੁਬਾਰਾ ਜੁੜੀ। ਸਰਕਾਰ ਨੇ ਦੋ ਬਿੱਲ ਵਿਚਾਰ-ਚਰਚਾ ਲਈ ਸਦਨ ਵਿਚ ਪੇਸ਼ ਕੀਤੇ ਪਰ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿਚ ਅੱਜ ‘ਇਨਲੈਂਡ ਵੈੱਸਲਸ ਬਿੱਲ-2021’ ਹੰਗਾਮੇ ਦੌਰਾਨ ਹੀ ਪਾਸ ਕਰ ਦਿੱਤਾ ਗਿਆ। ਚੇਅਰਮੈਨ ਭੁਵਨੇਸ਼ਵਰ ਕਲੀਤਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਉਤੇ ਜਾਣ ਦੀ ਬੇਨਤੀ ਕੀਤੀ। ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਦੋ ਵਿੱਤ ਬਿੱਲਾਂ ਉਤੇ ਮਿਲ ਕੇ ਚਰਚਾ ਕੀਤੀ ਜਾਵੇਗੀ। ਇਹ ਮਹੱਤਵਪੂਰਨ ਬਿੱਲ ਹਨ ਤੇ ਆਪੋ-ਆਪਣੇ ਸੂਬਿਆਂ ਦੀਆਂ ਵਿੱਤੀ ਮੁਸ਼ਕਲਾਂ ਉਠਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸ਼ਾਂਤੀ ਨਹੀਂ ਰੱਖੀ ਗਈ ਤਾਂ ਇਹ ਵਿੱਤ ਬਿੱਲ ਹਨ ਤੇ ਆਪਣੇ-ਆਪ ਪਾਸ ਹੋ ਜਾਣਗੇ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਵੀ ਸਦਨ ਤੋਂ ਸਹਿਯੋਗ ਮੰਗਿਆ ਪਰ ਵਿਰੋਧੀ ਧਿਰਾਂ ਨਾਅਰੇਬਾਜ਼ੀ ਕਰਦੀਆਂ ਰਹੀਆਂ।

ਇਸ ਤੋਂ ਪਹਿਲਾਂ ਜਦ ਰਾਜ ਸਭਾ ਲੰਚ ਤੋਂ ਬਾਅਦ ਦੋ ਵਜੇ ਜੁੜੀ ਤਾਂ ਡਿਪਟੀ ਚੇਅਰਮੈਨ ਹਰੀਵੰਸ਼ ਨੇ ਦੱਸਿਆ ਕਿ ਸਰਕਾਰ ਨੇ ਦੋ ਬਿੱਲ ਚਰਚਾ ਲਈ ਰੱਖੇ ਹਨ। ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਰਾਜ ਸਭਾ ਵਿਚ ਹੰਗਾਮੇ ਦੌਰਾਨ ਸੰਵਿਧਾਨਕ (ਅਨੂਸੂਚਿਤ ਕਬੀਲਿਆਂ) ਆਰਡਰ (ਸੋਧ) ਬਿੱਲ ਪੇਸ਼ ਕੀਤਾ। ਕੇਂਦਰੀ ਮੰਤਰੀ ਸਰਬਨੰਦਾ ਸੋਨੋਵਾਲ ਨੇ ‘ਇਨਲੈਂਡ ਵੈੱਸਲਸ ਬਿੱਲ’ ਪੇਸ਼ ਕੀਤਾ। ਇਸ ਬਿੱਲ ਦਾ ਮੰਤਵ ਮੁਲਕ ਦੇ ਅੰਦਰ ਪਾਣੀਆਂ ਵਿਚ ਹੁੰਦੀ ਆਵਾਜਾਈ ਨਾਲ ਜੁੜੇ ਕਾਨੂੰਨਾਂ ਵਿਚ ਇਕਸਾਰਤਾ ਲਿਆਉਣਾ ਹੈ। ਲੋਕ ਸਭਾ ਇਸ ਨੂੰ 29 ਜੁਲਾਈ ਨੂੰ ਪਾਸ ਕਰ ਚੁੱਕੀ ਹੈ। ਬਿੱਲ ਉਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਕਾਗਜ਼ ਪਾੜ ਕੇ ਹਵਾ ਵਿਚ ਉਡਾ ਦਿੱਤੇ ਸਨ। ਰਾਜ ਸਭਾ ਹੁਣ ਭਲਕੇ 11 ਵਜੇ ਜੁੜੇਗੀ।ਲੋਕ ਸਭਾ ਵਿਚ ਅੱਜ ਟ੍ਰਿਬਿਊਨਲ ਸੋਧ ਬਿੱਲ ਵੀ ਪੇਸ਼ ਕੀਤਾ ਗਿਆ। ਇਸ ਦੇ ਪਾਸ ਹੋਣ ਨਾਲ ਕਰੀਬ ਨੌਂ ਅਪੀਲੀ ਟ੍ਰਿਬਿਊਨਲ ਖ਼ਤਮ ਹੋ ਜਾਣਗੇ। ਇਨ੍ਹਾਂ ਟ੍ਰਿਬਿਊਨਲਾਂ ਕੋਲ ਚੱਲ ਰਹੇ ਕੇਸਾਂ ਨੂੰ ਹੇਠਲੀਆਂ ਅਦਾਲਤਾਂ ਜਾਂ ਹਾਈ ਕੋਰਟ ਟਰਾਂਸਫਰ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *