ਸਰਕਾਰ ਨੇ ਹੰਗਾਮੇ ਦੌਰਾਨ ਸੰਸਦ ਵਿੱਚ ਬਿੱਲ ਪਾਸ ਕਰਵਾਏ

ਨਵੀਂ ਦਿੱਲੀ: ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ’ਤੇ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਅੱਜ ਵੀ ਸੰਸਦ ਦੇ ਦੋਵੇਂ ਸਦਨਾਂ ’ਚ ਜਾਰੀ ਰਿਹਾ। ਹੰਗਾਮੇ ਦੌਰਾਨ ਸਰਕਾਰ ਨੇ ਲੋਕ ਸਭਾ ’ਚ ਤਿੰਨ ਬਿੱਲ ਪਾਸ ਕਰਵਾ ਲਏ ਜਦਕਿ ਦੋ ਬਿੱਲ ਪੇਸ਼ ਕੀਤੇ। ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਵਾਕਆਊਟ ਦੇ ਬਾਵਜੂਦ ਹੁਕਮਰਾਨ ਧਿਰ ਨੇ ਦੋ ਬਿੱਲ ਪਾਸ ਕਰਵਾ ਲਏ। ਹੰਗਾਮਾ ਜਾਰੀ ਰਹਿਣ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ ਗਈ।

ਲੋਕ ਸਭਾ ਚਾਰ ਵਾਰ ਮੁਲਤਵੀ ਹੋਣ ਮਗਰੋਂ ਦੁਪਹਿਰ 2 ਵਜੇ ਜਦੋਂ ਮੁੜ ਜੁੜੀ ਤਾਂ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਆਸਣ ਅੱਗੇ ਆ ਕੇ ਪ੍ਰਦਰਸ਼ਨ ਕਰਨ ਲੱਗ ਪਏ। ਸਪੀਕਰ ਦੀ ਕੁਰਸੀ ’ਤੇ ਬੈਠੀ ਰਮਾ ਦੇਵੀ ਨੇ ਮੈਂਬਰਾਂ ਨੂੰ ਕੋਵਿਡ-19 ’ਤੇ ਚਰਚਾ ਸ਼ੁਰੂ ਕਰਨ ਲਈ ਆਪਣੀਆਂ ਸੀਟਾਂ ’ਤੇ ਜਾਣ ਲਈ ਕਿਹਾ। ਜਦੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਜਾਰੀ ਰੱਖਿਆ ਤਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਦੁਪਹਿਰ ਵੇਲੇ ਸਦਨ ਦੀ ਕਾਰਵਾਈ ਚਲਾ ਰਹੇ ਰਾਜੇਂਦਰ ਅਗਰਵਾਲ ਨੇ ਆਯੂਸ਼ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਹੋਮਿਓਪੈਥੀ ਬਾਰੇ ਕੌਮੀ ਕਮਿਸ਼ਨ ਸੋਧ ਬਿੱਲ, 2021 ਅਤੇ ਭਾਰਤੀ ਮੈਡੀਸਿਨ ਬਾਰੇ ਕੌਮੀ ਕਮਿਸ਼ਨ ਸੋਧ ਬਿੱਲ, 2021 ਪੇਸ਼ ਕਰਨ ਲਈ ਕਿਹਾ। ਟੀਐੱਮਸੀ ਮੈਂਬਰ ਸੌਗਾਤਾ ਰੌਏ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਹੋਮਿਓਪੈਥੀ ਪ੍ਰੋਫੈਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਬਿਤ ਹੋਵੇਗਾ। ਮੰਤਰੀ ਨੇ ਬਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਮੈਂਬਰਾਂ ਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਇਸ ਮਗਰੋਂ ਸ੍ਰੀ ਅਗਰਵਾਲ ਨੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਵੀਰੇਂਦਰ ਕੁਮਾਰ ਨੂੰ ਸੰਵਿਧਾਨਕ (127ਵੀਂ ਸੋਧ) ਬਿੱਲ, 2021 ਪੇਸ਼ ਕਰਨ ਲਈ ਕਿਹਾ। ਸਦਨ ’ਚ ਪ੍ਰਦਰਸ਼ਨਾਂ ਦੌਰਾਨ ਸੀਮਤ ਜਵਾਬਦੇਹੀ ਭਾਈਵਾਲੀ ਸੋਧ ਬਿੱਲ, 2021 ਅਤੇ ਬੀਮਾ ਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਸੋਧ ਬਿੱਲ, 2021 ਪਾਸ ਕਰ ਦਿੱਤੇ ਗਏ। ਦੋਵੇਂ ਬਿੱਲ ਰਾਜ ਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕੇ ਹਨ। ਸਦਨ ਨੇ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ ਸੋਧ ਬਿੱਲ, 2021 ਸੰਖੇਪ ਬਹਿਸ ਮਗਰੋਂ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਸਦਨ ਦੀ ਤਰਫੋਂ ਭਾਰਤ ਛੱਡੋ ਅੰਦੋਲਨ ’ਚ ਹਿੱਸਾ ਲੈਣ ਵਾਲੇ ਇਨਕਲਾਬੀਆਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟੋਕੀਓ ਓਲੰਪਿਕਸ ’ਚ ਭਾਰਤ ਦੇ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਤਗਮਾ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਜਦੋਂ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੇ ਨਾਮ ਦਾ ਜ਼ਿਕਰ ਆਇਆ ਤਾਂ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਵਾਕਆਊਟ ਦੇ ਬਾਵਜੂਦ ਹੁਕਮਰਾਨ ਧਿਰ ਨੇ ਟੈਕਸੇਸ਼ਨ ਲਾਅਜ਼ ਸੋਧ ਬਿੱਲ, 2021 ਅਤੇ ਕੇਂਦਰੀ ਯੂਨੀਵਰਸਿਟੀ ਸੋਧ ਬਿੱਲ, 2021 ਪਾਸ ਕਰਵਾ ਲਏ। ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਟੈਕਸੇਸ਼ਨ ਲਾਅਜ਼ ਸੋਧ ਬਿੱਲ ਪੇਸ਼ ਕਰਨ ਦਾ ਇਹ ਆਖਦਿਆਂ ਵਿਰੋਧ ਕੀਤਾ ਕਿ ਮੈਂਬਰਾਂ ਨੂੰ ਇਸ ਬਿੱਲ ਦੀ ਕਾਪੀ ਐਨ ਸਮੇਂ ’ਤੇ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਮੈਂਬਰ ਬਿੱਲ ਬਾਰੇ ਪੂਰੀ ਤਿਆਰੀ ਨਾਲ ਬਹਿਸ ਨਹੀਂ ਕਰ ਸਕਣਗੇ ਅਤੇ ਉਹ ਇਸ ਅਮਲ ਦਾ ਵਿਰੋਧ ਕਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਰਹੇ ਹਨ। ਇਸ ਦੇ ਜਵਾਬ ’ਚ ਸਦਨ ਦੇ ਆਗੂ ਪਿਯੂਸ਼ ਗੋਇਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੂਰਕ ਏਜੰਡਾ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕੌਮੀ ਹਿੱਤ ’ਚ ਹਨ। ਕਾਂਗਰਸ ਦੇ ਨਾਲ ਹੀ ਟੀਐੱਮਸੀ ਦੇ ਸੁਖੇਂਦੂ ਰੇਅ ਅਤੇ ਡੀਐੱਮਕੇ ਦੇ ਤਿਰੁਚੀ ਸ਼ਿਵਾ ਸਮੇਤ ਪਾਰਟੀ ਮੈਂਬਰਾਂ ਨੇ ਵੀ ਸਦਨ ’ਚੋਂ ਵਾਕਆਊਟ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਟੈਕਸੇਸ਼ਨ ਲਾਅਜ਼ ਸੋਧ ਬਿੱਲ ਨੂੰ ਥੋੜ੍ਹੀ ਬਹਿਸ ਮਗਰੋਂ ਪਾਸ ਕਰ ਦਿੱਤਾ ਗਿਆ।

Leave a Reply

Your email address will not be published. Required fields are marked *