ਜਿਰਗਾ ਮੀਟਿੰਗ ਦੌਰਾਨ ਝੜਪ ਵਿੱਚ ਨੌਂ ਹਲਾਕ, 6 ਜ਼ਖ਼ਮੀ

ਪਿਸ਼ਾਵਰ: ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਜਿਰਗਾ ਮੀਟਿੰਗ ਦੌਰਾਨ ਦੋ ਧਿਰਾਂ ਵਿੱਚ ਹੋਈ ਝੜਪ ਤੇ ਇਸ ਦੌਰਾਨ ਚੱਲੀ ਗੋਲੀ ਵਿੱਚ ਦੋ ਸਥਾਨਕ ਕੌਂਸਲ ਮੈਂਬਰਾਂ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਤੇ ਛੇ ਹੋਰ ਜ਼ਖ਼ਮੀ ਹੋ ਗਏ। ਜਿਰਗਾ ਮੀਟਿੰਗ ਅਸਲ ਵਿੱਚ ਪਿੰਡ ਦੇ ਵੱਡ-ਵਡੇਰਿਆਂ ਦਾ ਰਵਾਇਤੀ ਇਕੱਠ ਹੈ, ਜਿਸ ਵਿੱਚ ਪਸ਼ਤੂਨਵਲੀ ਦੀਆਂ ਸਿੱਖਿਆਵਾਂ ਦੇ ਆਧਾਰ ’ਤੇ ਕਿਸੇ ਵੀ ਵਿਵਾਦ ਦਾ ਹੱਲ ਕੱਢਿਆ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਪਰੋਕਤ ਜਿਰਗਾ ਮੀਟਿੰਗ ਸੋਮਵਾਰ ਸ਼ਾਮ ਨੂੰ ਅੱਪਰ ਦੀਰ ਜ਼ਿਲ੍ਹੇ ਦੇ ਵੀਰਾਵਲ ਬੰਦਾਗਈ ਪਿੰਡ ਵਿੱਚ ਸੱਦੀ ਗਈ ਸੀ। ਦੋਵਾਂ ਧਿਰਾਂ ਵਿੱਚ ਜ਼ਮੀਨ ਤੇ ਫੀਡਰ ਰੋਡ ਦੀ ਉਸਾਰੀ ਨੂੰ ਲੈ ਕੇ ਵਿਵਾਦ ਸੀ।

ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਅਗਵਾਈ ਅਮੀਰ ਬਾਚਾ ਤੇ ਬਖ਼ਤ ਆਲਮ ਦੇ ਪਰਿਵਾਰਕ ਜੀਅ ਕਰ ਰਹੇ ਸਨ। ਇਸ ਦੌਰਾਨ ਦੋਵਾਂ ਧਿਰਾਂ ’ਚ ਚੱਲ ਰਹੀ ਗੱਲਬਾਤ ਤਲਖੀ ਵਿੱਚ ਬਦਲ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਗੋਲੀਆਂ ਵੀ ਚਲਾਈਆਂ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਵਿੱਚ ਇਕ ਧਿਰ ਦੇ ਸੱਤ ਵਿਅਕਤੀ ਤੇ ਦੋ ਜਿਰਗਾ ਮੈਂਬਰ ਮਾਰੇ ਗੲੇ। ਛੇ ਜ਼ਖ਼ਮੀਆਂ ’ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇਸ ਘਟਨਾ ਮਗਰੋਂ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਦੀਰ ਖਾਸ ਦੇ ਜ਼ਿਲ੍ਹਾ ਹੈਡਕੁਆਰਟਰਜ਼ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ। ਉਧਰ ਇਸ ਘਟਨਾ ਤੋਂ ਗੁੱਸੇ ਵਿੱਚ ਸਥਾਨਕ ਲੋਕਾਂ, ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਸੀ, ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦੀਰ-ਪੇਸ਼ਾਵਰ ਰੋਡ ’ਤੇ ਰੱਖ ਕੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਦੇ ਹਥਿਆਰ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ। 

Leave a Reply

Your email address will not be published. Required fields are marked *