ਇਮਰਾਨ ਖ਼ਾਨ ’ਤੇ ਕੀਮਤੀ ਤੋਹਫੇ ਵੇਚਣ ਦਾ ਦੋਸ਼

ਲਾਹੌਰ: ਪਾਕਿਸਤਾਨ ਦੀਆਂ ਵਿਰੋਧੀ ਸਿਆਸੀ ਧਿਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਹੋਰਨਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਦਿੱਤੇ ਗਏ ਕੀਮਤੀ ਤੋਹਫੇ ਵੇਚ ਦਿੱਤੇ ਹਨ। ਇਨ੍ਹਾਂ ਵੇਚੇ ਗਏ ਤੋਹਫਿਆਂ ਵਿੱਚ ਇਕ ਕੀਮਤੀ ਘੜੀ ਵੀ ਸ਼ਾਮਲ ਹੈ ਜਿਸ ਦੀ ਕੀਮਤ ਇਕ ਮਿਲੀਅਨ ਅਮਰੀਕੀ ਡਾਲਰ ਸੀ। ਜ਼ਿਕਰਯੋਗ ਹੈ ਕਿ ਸੰਵਿਧਾਨਕ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਜਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਹੋਰਨਾਂ ਦੇਸ਼ਾਂ ਦੇ ਦੌਰਿਆਂ ਦੌਰਾਨ ਅਕਸਰ ਤੋਹਫਿਆਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤੇ ਜਦੋਂ ਤੱਕ ਇਹ ਤੋਹਫੇ ਖੁੱਲ੍ਹੀ ਨਿਲਾਮੀ ਰਾਹੀਂ ਵੇਚੇ ਨਹੀਂ ਜਾਂਦੇ, ਇਹ ਤੋਹਫੇ ਦੇਸ਼ ਦੀ ਅਮਾਨਤ ਬਣੇ ਰਹਿੰਦੇ ਹਨ। ਕੋਈ ਵੀ ਅਧਿਕਾਰੀ 10 ਹਜ਼ਾਰ ਰੁਪਏ ਦੀ ਕੀਮਤ ਵਾਲਾ ਤੋਹਫਾ ਬਿਨਾਂ ਕਿਸੇ ਟੈਕਸ ਤੋਂ ਆਪਣੇ ਕੋਲ ਰੱਖ ਸਕਦਾ ਹੈ। ਪਾਕਿਸਤਾਨ ਮੁਸਲਿਮ ਲੀਗ (ਐੱਨ) ਦੀ ਆਗੂ ਮਰਿਅਮ ਨਵਾਜ਼ ਨੇ ਉਰਦੂ ਵਿੱਚ ਟਵੀਟ ਕੀਤਾ ‘ਇਮਰਾਨ ਖਾਨ ਨੇ ਹੋਰਨਾਂ ਦੇਸ਼ਾਂ ਤੋਂ ਮਿਲੇ ਤੋਹਫੇ ਵੇਚ ਦਿੱਤੇ ਹਨ।’ ਇਸੇ ਦੌਰਾਨ ਵਿਰੋਧੀ ਗੱਠਜੋੜ ‘ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ’ ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਕੀਮਤੀ ਘੜੀ ਵੇਚ ਦਿੱਤੀ ਹੈ ਜੋ ਉਨ੍ਹਾਂ ਨੂੰ ਇਕ ਦੇਸ਼ ਦੇ ਰਾਜਕੁਮਾਰ ਨੇ ਤੋਹਫੇ ਵਜੋਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਿੰਦਨਯੋਗ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਡਾ. ਸ਼ਾਹਬਾਜ਼ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਤੋਹਫੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ ਤੇ ਜੇਕਰ ਉਨ੍ਹਾਂ ਨੇ ਕੋਈ ਤੋਹਫਾ ਆਪਣੇ ਕੋਲ ਰੱਖਣਾ ਹੁੰਦਾ ਹੈ ਤਾਂ ਉਹ ਉਸ ਤੋਹਫੇ ਦੀ ਕੀਮਤ ਚੁੱਕਾ ਦਿੰਦੇ ਹਨ।

Leave a Reply

Your email address will not be published. Required fields are marked *