ਬ੍ਰਿਸਬੇਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਬ੍ਰਿਸਬੇਨ : ਗੁਰਦੁਆਰਾ ਸਿੰਘ ਸਭਾ ਟੈਂਗਮ ਅਤੇ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਸਿੱਖਾਂ ਦੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੜੀ ਸ਼ਰਧਾ-ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।

ਜਿਸ ’ਚ ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ, ਭਾਈ ਗੁਰਤੇਜ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤੇ ਪ੍ਰਚਾਰਕ ਐੱਸ.ਜੀ.ਪੀ.ਸੀ, ਭਾਈ ਪਰਮਜੀਤ ਸਿੰਘ, ਭਾਈ ਸਤਵੀਰ ਸਿੰਘ ਆਦਿ ਦੇ ਪੰਥ ਪ੍ਰਸਿੱਧ ਜੱਥਿਆ ਅਤੇ ਬੱਚਿਆ ਵਲੋਂ ਇਲਾਹੀ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਤੇ ਕਥਾਂ ਵਿਚਾਰਾ ਨਾਲ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫੇ ਬਾਰੇ ਚਾਨਣਾ ਪਾਉਦਿਆਂ ਸੰਗਤਾ ਨੂੰ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਬਾਣੀ ਵਿਚ ਸ਼ਬਦ, ਸਲੋਕ, ਘੋੜੀਆਂ, ਲਾਵਾਂ, ਕਰਹਲੇ, ਵਾਰਾਂ, ਰਾਗਾਂ, ਵਣਜਾਰਾ ਤੇ ਹੋਰ ਵੀ ਅਮੁੱਲ ਗਿਆਨ ਦਾ ਵੱਡਮੁੱਲਾ ਖਜ਼ਾਨਾ ਮਨੁੱਖਤਾ ਨੂੰ ਬਾਣੀ ਦੇ ਰੂਪ ਵਿਚ ਦਿੱਤਾ ਹੈ, ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦਾ ਹੈ।

ਗੁਰੂ ਜੀ ਦੁਆਰਾ ਰਚਿਤ ਪਾਵਨ-ਪਵਿੱਤਰ ਬਾਣੀ ’ਚ ਗੁਰੂ ਤੇ ਪ੍ਰਮਾਤਮਾ ਲਈ ਅਥਾਂਹ ਸ਼ਰਧਾਂ ਤੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ ਤੇ ਮਨੁੱਖ ਨੂੰ ਨਾਮ ਸਿਮਰਨ, ਕਿਰਤ ਕਮਾਈ ਕਰਦਿਆਂ, ਹਾਊਮੇ-ਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਹਨ। ਉਨ੍ਹਾਂ ਸੰਗਤਾਂ ਨੂੰ ਅਰਜੋਈ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਰਾਮਦਾਸ ਜੀ ਅਤੇ ਬਾਬਾ ਬੁੱਢਾ ਜੀ ਵੱਲੋ ਦਰਸਾਏ ਮਾਰਗ ਤੋਂ ਸੇਧ ਲੈ ਕੇ ਗੁਰੂ ਵਾਲੇ ਬਣਨ ਅਤੇ ਬਾਣੇ ਤੇ ਬਾਣੀ ਦੇ ਧਾਰਨੀ ਬਣਕੇ ਗੁਰੂ ਸਾਹਿਬ ਦੀ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।ਇਸ ਮੌਕੇ ਗੁਰੂ ਦੀਆਂ ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *