ਚੰਦਰਮਾ ‘ਤੇ ਨਿਊਕਲੀਅਰ ਰਿਐਕਸ਼ਨ ਲਗਾਉਣ ਦੀ ਪਲਾਨਿੰਗ, ਇਨਸਾਨੀ ਬਸਤੀਆਂ ਵਸਾਉਣੀਆਂ ਹੋਣਗੀਆਂ ਆਸਾਨ

ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਚੰਦਰਮਾ ‘ਤੇ ਪ੍ਰਮਾਣੂ ਰਿਐਕਟਰਾਂ ਦਾ ਮੰਥਨ ਕਰ ਰਹੀ ਹੈ। ਜੇਕਰ ਇਸ ‘ਚ ਸਫਲਤਾ ਮਿਲਦੀ ਹੈ ਤਾਂ ਚੰਦਰਮਾ ‘ਤੇ ਭੇਜੇ ਗਏ ਪੁਲਾੜ ਮਿਸ਼ਨਾਂ ਦੀ ਊਰਜਾ ਦੀ ਕਮੀ ਦਾ ਸੰਕਟ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਇੱਥੇ ਮਨੁੱਖੀ ਬਸਤੀਆਂ ਵਸਾਉਣ ਦਾ ਸੁਪਨਾ ਸਾਕਾਰ ਹੋਣ ਦੀ ਆਸ ਵਧੇਗੀ। ਨਾਸਾ ਦੇ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੰਦਰਮਾ ‘ਤੇ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਮੰਗਲ ਗ੍ਰਹਿ ‘ਤੇ ਇਹ ਫਾਰਮੂਲਾ ਅਜ਼ਮਾਇਆ ਜਾ ਸਕਦਾ ਹੈ। ਨਾਸਾ ਤੇ ਅਮਰੀਕਾ ਦੀ ਚੋਟੀ ਦੀ ਸੰਘੀ ਪ੍ਰਮਾਣੂ ਖੋਜ ਪ੍ਰਯੋਗਸ਼ਾਲਾ ਨੇ ਇਸ ਸਬੰਧ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਤੋਂ ਪ੍ਰਸਤਾਵ ਮੰਗੇ ਹਨ। ਰਿਐਕਟਰ ਧਰਤੀ ‘ਤੇ ਬਣਾਇਆ ਜਾਵੇਗਾ ਅਤੇ ਫਿਰ ਚੰਦਰਮਾ ‘ਤੇ ਭੇਜਿਆ ਜਾਵੇਗਾ।
ਨਾਸਾ ਤੇ ਅਮਰੀਕਾ ਦੇ ਊਰਜਾ ਵਿਭਾਗ ਦੀ ਇਡਾਹੋ ਨੈਸ਼ਨਲ ਲੈਬਾਰਟਰੀ ਇਸ ਯੋਜਨਾ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਉਹ ਦਹਾਕੇ ਦੇ ਅੰਤ ਤਕ ਚੰਦਰਮਾ ‘ਤੇ ਮਿਸ਼ਨਾਂ ਲਈ ਇਕ ਸੁਤੰਤਰ ਊਰਜਾ ਸਰੋਤ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਯੋਗਸ਼ਾਲਾ ਵਿਚ ਫਿਸ਼ਨ ਸਰਫੇਸ ਪਾਵਰ ਪ੍ਰੋਜੈਕਟ ਦੇ ਮੁਖੀ, ਸੇਬੇਸਟੀਅਨ ਕੋਰਬੀਸੀਏਰੋ ਨੇ ਕਿਹਾ, “ਚੰਨ ‘ਤੇ ਇਕ ਭਰੋਸੇਯੋਗ, ਉੱਚ-ਪਾਵਰ ਪ੍ਰਣਾਲੀ ਪ੍ਰਦਾਨ ਕਰਨਾ ਮਨੁੱਖੀ ਪੁਲਾੜ ਖੋਜ ਵਿਚ ਇਕ ਮਹੱਤਵਪੂਰਨ ਅਗਲਾ ਕਦਮ ਹੈ ਤੇ ਇਸ ਨੂੰ ਪ੍ਰਾਪਤ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ।