ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਭਾਰਤੀ ਨੂੰ 15 ਮਹੀਨਿਆਂ ਦੀ ਜੇਲ੍ਹ

ਨਿਊਯਾਰਕ/ਅਮਰੀਕਾ: ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 2019 ਵਿਚ ਹਵਾਈ ਜਹਾਜ਼ ਵਿਚ ਆਪਣੇ ਨਾਲ ਬੈਠੇ ਇਕ ਨਾਬਾਲਗ ਮੁੰਡੇ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਅਮਰੀਕੀ ਨਿਆ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਜ਼ਿਲ੍ਹਾ ਜੱਜ ਨੈਨਸੀ ਈ. ਬ੍ਰੈਸਲ ਨੇ ਮਿਨੀਆਪੋਲਿਸ ਨਿਵਾਸੀ ਨੀਰਜ ਚੋਪੜਾ ਨੂੰ ਬੋਸਟਨ ਤੋਂ ਮਿਨੀਆਪੋਲਿਸ ਦੀ ਉਡਾਣ ਦੌਰਾਨ ਜਹਾਜ਼ ਵਿਚ ਇਕ ਮੁੰਡੇ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਸਜ਼ਾ ਸੁਣਾਈ।
3 ਦਿਨ ਚੱਲੀ ਸੁਣਵਾਈ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿਚ ਚੋਪੜਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਚੋਪੜਾ ਨੇ ਅਪ੍ਰੈਲ 2019 ਵਿਚ ਬੋਸਟਨ ਤੋਂ ਮਿਨੀਆਪੋਲਿਸ ਜਾਣ ਵਾਲੀ ‘ਜੈੱਟ ਬਲੂ’ ਦੀ ਉਡਾਣ ਵਿਚ ਨੇੜਲੀ ਸੀਟ ’ਤੇ ਬੈਠੇ ਇਕ 16 ਸਾਲ ਦੇ ਮੁੰਡੇ ਦਾ ਜਿਨਸੀ ਸ਼ੋਸ਼ਣ ਕੀਤਾ ਸੀ।