ਇਟਲੀ ‘ਚ 9 ਸਾਲ ਦਾ ਸਿੱਖ ਬੱਚਾ ਮਾਰ ਰਿਹਾ ਵੱਡੀਆਂ ਮੱਲਾਂ

ਮਿਲਾਨ : ਦੁਨੀਆ ਦੇ ਹਰ ਖੇਤਰ ਵਿਚ ਮੱਲਾਂ ਮਾਰਨ ਵਾਲੇ ਪੰਜਾਬੀਆਂ ਦੇ ਸੁਨਿਹਰੀ ਇਤਿਹਾਸ ਨੂੰ ਦੁਹਰਾਉਂਦਿਆਂ ਇਟਲੀ ‘ਚ 9 ਸਾਲਾ ਨਿੱਕੇ ਸਰਦਾਰ ਨੇ ਵੱਡਾ ਜ਼ੋਰ ਵਿਖਾਉਦਿਆਂ ਆਪਣੇ ਲੱਕ ਨਾਲ ਰੱਸਾ ਬੰਨ੍ਹ ਕੇ ਕਾਰ ਖਿੱਚਣ ਦਾ ਕਾਰਨਾਮਾ ਕਰ ਕੇ ਵਿਖਾਇਆ ਹੈ।ਜਾਣਕਾਰੀ ਅਨੁਸਾਰ ਇਟਲੀ ਦੇ ਵਸਨੀਕ ਪ੍ਰਭਏਕ ਸਿੰਘ ਨੇ ਬੁਲੰਦ ਹੌਂਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਗੱਡੀ ਨੂੰ ਖਿੱਚ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ।

ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਦੇ ਜੰਮਪਲ ਅਮਨਦੀਪ ਸਿੰਘ ਦਾ ਹੋਣਹਾਰ ਫਰਜ਼ੰਦ ਪ੍ਰਭਏਕ ਸਿੰਘ ਜਿਸ ਦੀ ਉਮਰ ਮਹਿਜ਼ 9 ਸਾਲ ਹੈ, ਉਹ ਰੱਸੀ ਨੂੰ ਆਪਣੇ ਪੇਟ ਨਾਲ ਬੰਨ੍ਹ ਕੇ ਗੱਡੀ ਖਿੱਚ ਲੈਂਦਾ ਹੈ।ਜਿਸ ਨੂੰ ਦੇਖਕੇ ਆਲੇ-ਦੁਆਲੇ ਦੇ ਲੋਕ ਹੈਰਾਨ ਹੋ ਜਾਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪ੍ਰਭਏਕ ਸਿੰਘ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਧਿਆਨ ਦੇ ਰਿਹਾ ਹੈ। ਉਹ ਹਰ ਰੋਜ਼ ਡੰਡ ਬੈਠਕਾਂ ਮਾਰਦਾ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਉਨਾਂ ਦਾ ਬੇਟਾ ਗੱਡੀ ਨੂੰ ਰੱਸੇ ਨਾਲ ਖਿੱਚ ਕੇ ਕਾਫੀ ਅੱਗੇ ਤੱਕ ਰੋੜ ਕੇ ਲੈ ਜਾਂਦਾ ਹੈ।

ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨੂੰ ਇਕ ਖਿਡਾਰੀ ਬਣਦਾ ਦੇਖਣਾ ਚਾਹੁੰਦੇ ਹਨ। ਉਹਨਾਂ ਦੱਸਿਆ ਕਿ ਉਨਾਂ ਦਾ ਬੇਟਾ ਫੁੱਟਬਾਲ ਵੀ ਖੇਡ ਲੈਂਦਾ ਹੈ ਅਤੇ ਹੋਰ ਵੀ ਖੇਡਾਂ ਵਿਚ ਰੁੱਚੀ ਰੱਖਦਾ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਕਲੱਬ ਉਨਾਂ ਨਾਲ ਸੰਪਰਕ ਕਰਦਾ ਹੈ ਤਾਂ ਉਹ ਅੱਗੇ ਹੋਰ ਵੀ ਮੁਕਾਬਲਿਆਂ ਲਈ ਆਪਣੇ ਬੱਚੇ ਨੂੰ ਤਿਆਰ ਕਰਨਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਲੇਨੋ (ਇਟਲੀ) ਵਿਖੇ ਹੋਏ ਵਾਲੀਬਾਲ ਦੇ ਮੁਕਾਬਲਿਆਂ ਵਿਚ ਇਸ 9 ਸਾਲਾ ਬੱਚੇ ਨੇ 125 ਡੰਡ ਬੈਠਕਾਂ ਮਾਰ ਸਾਰੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।

Leave a Reply

Your email address will not be published. Required fields are marked *