ਅਮਰੀਕਾ ‘ਚ ‘ਕ੍ਰਿਪਟੋਕਰੰਸੀ’ ਦੇ ਰੂਪ ‘ਚ 3.60 ਅਰਬ ਡਾਲਰ ਦਾ ਗੈਰ ਕਾਨੂੰਨੀ ਪੈਸਾ ਜ਼ਬਤ, ਜੋੜਾ ਗ੍ਰਿਫ਼ਤਾਰ

ਵਾਸ਼ਿੰਗਟਨ : ਅਮਰੀਕਾ ਦੇ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ 3.60 ਅਰਬ ਡਾਲਰ ਤੋਂ ਵੱਧ ਦਾ ਗੈਰ ਕਾਨੂੰਨੀ ਧਨ ਜ਼ਬਤ ਕੀਤਾ ਹੈ ਅਤੇ ਇਸ ਸਬੰਧ ਵਿਚ ਨਿਊਯਾਰਕ ਦੇ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਜੋੜੇ ‘ਤੇ ਦੋਸ਼ ਹੈ ਕਿ ਉਹਨਾਂ ਨੇ 2016 ‘ਚ ਡਿਜ਼ੀਟਲ ਮਾਧਿਅਮ ਨਾਲ ਹੋਏ ਕਰੰਸੀ ਐਕਸਚੇਂਜ ਸਿਸਟਮ ਨੂੰ ਹੈਕ ਕਰਕੇ ਚੋਰੀ ਕੀਤੇ ਗਏ ਅਰਬਾਂ ਡਾਲਰਾਂ ਦੀ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚੀ।

ਫੈਡਰਲ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਜ਼ਬਤ ਕੀਤਾ ਪੈਸਾ ‘ਬਿਟਫਾਈਨੈਕਸ’ ਦੀ ਹੈਕਿੰਗ ਨਾਲ ਜੁੜਿਆ ਹੋਇਆ ਸੀ, ਜੋ ਕਿ ਡਿਜੀਟਲ ਮੁਦਰਾ ਐਕਸਚੇਂਜ ਦੀ ਇੱਕ ਪ੍ਰਣਾਲੀ ਹੈ ਅਤੇ ਜਿਸ ਵਿਚ ਛੇ ਸਾਲ ਪਹਿਲਾਂ ਹੈਕਰਾਂ ਨੇ ਸੰਨ੍ਹਮਾਰੀ ਕੀਤੀ ਸੀ। ਅਮਰੀਕਾ ਅਤੇ ਰੂਸ ਦੀ ਨਾਗਰਿਕਤਾ ਰੱਖਣ ਵਾਲੇ 34 ਸਾਲਾ ਦੇ ਇਲਿਆ “ਡੱਚ” ਲਿਚਟਨਸਟਾਈਨ ਅਤੇ ਉਸਦੀ ਪਤਨੀ ਹੀਥਰ ਮੋਰਗਨ (31) ਨੂੰ ਮੰਗਲਵਾਰ ਨੂੰ ਮੈਨਹਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਉਹਨਾਂ ਨੇ ਗੁੰਝਲਦਾਰ ਤਕਨੀਕ ਦੀ ਵਰਤੋਂ ਕਰਕੇ ਚੋਰੀ ਕੀਤੀ ‘ਕ੍ਰਿਪਟੋਕਰੰਸੀ’ ਨੂੰ ਲਾਂਡਰ ਕਰਨ ਅਤੇ ਪੈਸੇ ਦੇ ਲੈਣ-ਦੇਣ ਨੂੰ ਲੁਕਾਉਣ ਦੀ ਸਾਜ਼ਿਸ਼ ਰਚੀ ਸੀ।

ਨਿਆਂ ਮੰਤਰਾਲੇ ਦੁਆਰਾ ਜਾਰੀ ਇੱਕ ਵੀਡੀਓ ਬਿਆਨ ਵਿੱਚ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ ਨੇ ਕਿਹਾ ਕਿ ਅਪਰਾਧੀਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਕ੍ਰਿਪਟੋਕਰੰਸੀ ਚੋਰੀ ਕਰਕੇ ਬਚ ਨਹੀਂ ਸਕਦੇ। ਅਸੀਂ ਗੈਰ-ਕਾਨੂੰਨੀ ਧਨ ਦਾ ਪਤਾ ਲਗਾਉਣਾ ਜਾਰੀ ਰੱਖਾਂਗੇ, ਭਾਵੇਂ ਇਹ ਕਿਸੇ ਵੀ ਰੂਪ ਵਿੱਚ ਹੋਵੇ।

Leave a Reply

Your email address will not be published. Required fields are marked *