ਇਟਲੀ ‘ਚ ਝਗੜੇ ਦੌਰਾਨ ਦੋ ਪੰਜਾਬੀ ਭਰਾਵਾਂ ਵਲੋਂ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਗ੍ਰਿਫ਼ਤਾਰ

ਰੋਮ : ਕੁਝ ਲੋਕਾਂ ਦੇ ਸੁਭਾਅ ਵਿੱਚ ਐਨੀ ਗਰਮੀ ਤੇ ਤਲਖੀ ਹੁੰਦੀ ਹੈ ਕਿ ਉਹ ਵਿਦੇਸ਼ੀ ਧਰਤੀ ‘ਤੇ ਜਾ ਕੇ ਵੀ ਹੋਸ਼ ਗੁਆ ਲੈਂਦੇ ਹਨ, ਜਿਸ ਨਾਲ ਸਮੁੱਚੀ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ। ਅਜਿਹੀ ਬੇਹੱਦ ਮਾੜੀ, ਸ਼ਰਮਨਾਕ ਅਤੇ ਦੁੱਖਦਾਈ ਘਟਨਾ ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲੋਹੇ ਦੇ ਕੰਮਕਾਜ ਦੀ ਇਕ ਫੈਕਟਰੀ ਵਿੱਚ ਕੰਮ ਕਰ ਰਹੇ ਕੁਝ ਪ੍ਰਵਾਸੀ ਪੰਜਾਬੀ ਭਾਰਤੀਆਂ ਵਿੱਚ ਕੁਝ ਮਤਭੇਦ ਨੂੰ ਲੈ ਕੇ ਆਪਸੀ ਬਹਿਸ ਛਿੜ ਗਈ, ਜੋ ਇਸ ਹੱਦ ਤੱਕ ਵਧ ਗਈ ਕਿ ਦੋ ਪੰਜਾਬੀ ਕਾਮਿਆਂ (ਜਿਨ੍ਹਾਂ ਦੀ ਉਮਰ 40/41 ਦੇ ਕਰੀਬ ਦੱਸੀ ਜਾ ਰਹੀ ਹੈ ਜੋ ਆਪਸ ਵਿੱਚ ਸਕੇ ਭਰਾ ਹਨ) ਨੇ ਰਣਜੀਤ ਬੈਂਸ ਨਾਮੀ 38 ਸਾਲ ਦੇ ਨੌਜਵਾਨ ‘ਤੇ ਰਾਡਾਂ ਤੇ ਬੇਲਚੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। 

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਮੌਕੇ ‘ਤੇ ਤੁਰੰਤ ਹੀ ਸਥਾਨਕ ਪੁਲਸ (ਕਾਰਾਬਨੇਰੀ) ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁਝ ਮਿੰਟਾਂ ਵਿਚ ਹੀ ਘਟਨਾ ਸਥਾਨ ‘ਤੇ ਪਹੁੰਚ ਕੇ ਤੁਰੰਤ ਹੀ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜ਼ਖਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਜਦੋਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ। ਪੁਲਸ ਨੇ ਇਸ ਕਤਲ ਦੇ ਮੁੱਖ ਦੋਸ਼ੀ ਦੋਵੇਂ ਭਰਾਵਾਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਦੇ ਅਸਲੀ ਕਾਰਨਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *