ਰੋਮ ਵਿਖੇ 27 ਫਰਵਰੀ ਨੂੰ ਹੋਵੇਗੀ ਦੀਪ ਸਿੱਧੂ ਨਮਿਤ ਅੰਤਿਮ ਅਰਦਾਸ

ਮਿਲਾਨ/ਇਟਲੀ: ਇੱਕ ਸੜਕ ਹਾਦਸੇ ਵਿੱਚ ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੇ ਆਗੂ ਰਹੇ ਅਤੇ ਅਦਾਕਾਰ ਦੀਪ ਸਿੱਧੂ (ਸੰਦੀਪ ਸਿੰਘ ਸਿੱਧੂ) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਵਲੋਂ ਭਰੇ ਮਨਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਦੇ ਸਮੂਹ ਆਗੂਆਂ ਵਲੋਂ ਦੀਪ ਸਿੱਧੂ ਦੀ ਹੋਈ ਬੇਵਕਤੀ ਹੋਈ ਦਰਦਨਾਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੈੱਸ ਨਾਨ ਗੱਲਬਾਤ ਕਰਦਿਆਂ ਆਗੂਆਂ ਵਲੋਂ ਭਰੇ ਮਨ ਨਾਲ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਜਦੋਂ ਵੀ ਕੋਈ ਨੌਜਵਾਨ ਆਗੂ ਪਿਆਰ ਕਰਕੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਹੈ ਉਸੇ ਸਮੇਂ ਹੀ ਪਰਮਾਤਮਾ ਵਲੋਂ ਅਣਸੁਖਾਵੀਂ ਘਟਨਾ ਨਾਲ ਉਨ੍ਹਾਂ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿਣੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਦੀ ਬੇਵਕਤੀ ਮੌਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਗੂਆਂ ਨੇ ਭਰੇ ਮਨ ਨਾਲ ਕਿਹਾ ਕਿ ਦੀਪ ਸਿੱਧੂ ਵਲੋਂ ਜਿਸ ਤਰ੍ਹਾਂ ਨਿਡਰ ਹੋਕੇ ਹਕੂਮਤ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ ਅਤੇ ਇੰਝ ਲਗਦਾ ਸੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਸੁਧਾਰ ਹੋ ਜਾਵੇ ਪਰ ਅਫਸੋਸ ਉਹ ਨੌਜਵਾਨ ਆਗੂ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਸੰਸਥਾ ਵਲੋਂ ਮੌਕੇ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਰਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜ਼ੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਚੱਲ ਸਕੇ। ਦੂਜੇ ਪਾਸੇ ਸੰਸਥਾਂ ਵਲੋਂ ਸਿੱਧੂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਗਿਆ ਹੈ।

ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ 25 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 27 ਫ਼ਰਵਰੀ ਦਿਨ ਐਤਵਾਰ ਨੂੰ ਸ੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ।

Leave a Reply

Your email address will not be published. Required fields are marked *