SP ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀਆਂ 2 ਨੌਜਵਾਨਾਂ ਦੀਆਂ ਲਾਸ਼ਾਂ

ਰਾਜਾਸਾਂਸੀ : ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਦਾ ਸੁਪਨਾ ਮਨ ’ਚ ਲੈ ਕੇ ਖਾੜੀ ਮੁਲਕ ’ਚ ਮਿਹਨਤ-ਮਜ਼ਦੂਰੀ ਕਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੇ ਕਲਾਵੇ ‘ਚ ਜਾਣ ਵਾਲੇ 2 ਭਾਰਤੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ, ਲੋਕਾਂ ਦੀ ਹਰ ਮੁਸ਼ਕਿਲ ਘੜੀ ’ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਤੜਕਸਾਰ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪੁੱਜੀਆਂ।

ਜ਼ਿਲਾ ਮੋਹਾਲੀ ਦੀ ਤਹਿਸੀਲ ਖਰੜ ਦੇ ਰਹਿਣ ਵਾਲੇ ਸੁਸ਼ੀਲ ਯਾਦਵ ਅਤੇ ਜ਼ਿਲਾ ਪਟਿਆਲਾ ਦੇ ਪਿੰਡ ਜੱਸੋਮਾਜਰਾ ਦੇ ਵਾਸੀ ਮਨਪ੍ਰੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਲੈਣ ਪੁੱਜੇ ਦੋਵਾਂ ਦੇ ਭਰਾ ਅਨਿਲ ਯਾਦਵ ਤੇ ਗੁਰਬਚਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰਾਂ ਹੱਥੋਂ ਖੁੱਸਣ ਵਾਲੇ ਇਹ ਦੋਵੇਂ ਨੌਜਵਾਨ ਅਜੇ ਕੁਆਰੇ ਹੀ ਸਨ। ਅਨਿਲ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਾਓ ਨਾਲ ਹੈ ਤੇ ਉਨ੍ਹਾਂ ਦੇ ਪਿਤਾ ਇਕ ਸਕੂਲ ‘ਚੋਂ ਬਤੌਰ ਮਾਲੀ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸੁਸ਼ੀਲ 2018 ’ਚ ਵਿਦੇਸ਼ ਗਿਆ ਸੀ। 26 ਸਾਲਾ ਮ੍ਰਿਤਕ ਮਨਪ੍ਰੀਤ ਸਿੰਘ ਦੇ ਭਰਾ ਗੁਰਬਚਨ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਤਾਂ ਅਜੇ 2 ਕੁ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਇਹ ਮਾੜੀ ਖ਼ਬਰ ਮਿਲੀ ਕਿ ਮਨਪ੍ਰੀਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਅੱਜ ਤੜਕਸਾਰ ਆਈਆਂ ਇਨ੍ਹਾਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਮ੍ਰਿਤਕ ਸਰੀਰ ਉਸ ਦੇ ਜੱਦੀ ਪਿੰਡ ਮੋਹਨ ਭੰਡਾਰੀਆਂ ਵਿਖੇ ਪਹੁੰਚਣ ਉਪਰੰਤ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਪਰੋਕਤ ਦੋਵੇਂ ਮ੍ਰਿਤਕ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ’ਚ ਕੁਝ ਸਮਾਂ ਪਹਿਲਾਂ ਦੁਬਈ ਮਿਹਨਤ-ਮਜ਼ਦੂਰੀ ਕਰਨ ਗਏ ਸਨ। ਦੋਵਾਂ ਦੀਆਂ ਲਾਸ਼ਾਂ ਆਪਣੇ ਮੁਲਕ ਪਹੁੰਚਾਉਣ ਲਈ ਜਿੱਥੇ ਦੁਬਈ ‘ਚ ਸਥਿਤ ਭਾਰਤੀ ਦੂਤਾਵਾਸ ਦਾ ਸਹਿਯੋਗ ਰਿਹਾ, ਉੱਥੇ ਇਸ ਸਮੁੱਚੀ ਕਾਰਵਾਈ ਦੌਰਾਨ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਵੀ ਵਿਸ਼ੇਸ਼ ਭੂਮਿਕਾ ਰਹੀ ਹੈ।

Leave a Reply

Your email address will not be published. Required fields are marked *