ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਕਾਲਾ ਸੰਘਿਆਂ: ਅਮਰੀਕਾ ਦੀ ਧਰਤੀ ‘ਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਗਏ ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੱਸੀ ਸੂਦ ਵਾਸੀ ਸਿੱਧਵਾਂ ਦੋਨਾ ਵਜੋ ਹੋਈ ਹੈ। ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ, ਜਿਸ ਦੇ ਅਚਨਚੇਤ ਅਤੇ ਬੇਵਕਤੀ ਵਿਛੋੜੇ ਨੇ ਮਾਪਿਆਂ ਨੂੰ ਗਮਾਂ ਦੇ ਡੂੰਘੇ ਸਮੁੰਦਰ ਵਿੱਚ ਸੁੱਟ ਕੇ ਰੱਖ ਦਿੱਤਾ ਹੈ।

ਜਿਓਂ ਹੀ ਇਹ ਮਨਹੂਸ ਖ਼ਬਰ ਪਿੰਡ ਸਿੱਧਵਾਂ ਦੋਨਾ ਪੁੱਜੀ ਪੀੜਤ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਪੁੱਜ ਗਏ। ਸਭ ਪਾਸੇ ਸੋਗ ਦੀ ਲਹਿਰ ਪਸਰ ਗਈ। ਮ੍ਰਿਤਕ ਜੱਸੀ ਸੂਦ ਦੇ ਪਿਤਾ ਤਿਲਕ ਰਾਜ ਸੂਦ ਵਾਸੀ ਪਿੰਡ ਸਿੱਧਵਾਂ ਦੋਨਾ ਨੇ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੇ ਮੁੰਡੇ ਜੱਸੀ ਨੂੰ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਉੱਜਵਲ ਭਵਿੱਖ ਲਈ ਅਮਰੀਕਾ ਭੇਜਿਆ ਸੀ, ਜਿੱਥੇ ਉਸ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਅਤੇ ਹਾਲ ਹੀ ਵਿਚ ਕੋਈ ਡੇਢ ਕੁ ਮਹੀਨਾ ਪਹਿਲਾਂ ਹੀ ਉਹ ਅਮਰੀਕਾ ਵਿਚ ਪੱਕਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਜੱਸੀ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਹ ਬੀਤੇ ਦਿਨੀਂ ਕੈਲੇਫੋਰਨੀਆ ਤੋਂ ਸੰਨੋਜਜਾ ਲਈ ਆਪਣੇ ਲੋਡਿਡ ਟਰਾਲੇ ਨੂੰ ਲੈ ਕੇ ਜਾ ਰਿਹਾ ਸੀ ਕਿ ਮੂੰਹਰੇ ਅਚਾਨਕ ਕਾਰ ਦੀ ਬਰੇਕ ਲੱਗ ਗਈ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਸ ਦਾ ਟਰਾਲਾ ਪਲਟ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮਾਂ ਦੀ ਤਾਬ ਸਹਾਰ ਨਾ ਸਕਿਆ ਕਿ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਪਿੰਡ ਅਤੇ ਇਲਾਕੇ ਭਰ ਦੇ ਲੋਕਾਂ ਵੱਲੋਂ ਪੀੜਤ ਪਰਿਵਾਰ ਨਾਲ ਦਿਲੀ ਹਮਦਰਦੀ ਜਤਾਈ ਗਈ।

Leave a Reply

Your email address will not be published. Required fields are marked *