ਬ੍ਰਾਜ਼ੀਲ ਦੇ ਨੇਤਾ ਨੇ ਯੂਕ੍ਰੇਨ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਸ਼ਰਮਨਾਕ ਬਿਆਨ, ਖੜ੍ਹਾ ਹੋਇਆ ਬਖੇੜਾ

ਨਵੀਂ ਦਿੱਲੀ: ਰੂਸੀ ਹਮਲਿਆਂ ਕਾਰਨ ਯੂਕ੍ਰੇਨ ‘ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਲੱਖਾਂ ਯੂਕ੍ਰੇਨੀ ਲੋਕ ਸ਼ਰਨਾਰਥੀ ਬਣ ਗਏ ਹਨ। ਇਨ੍ਹਾਂ ਲੋਕਾਂ ਨੂੰ ਯੂਰਪ ਦੇ ਕਈ ਦੇਸ਼ਾਂ ਵਿਚ ਸ਼ਰਨ ਲੈਣੀ ਪੈ ਰਹੀ ਹੈ। ਆਲਮ ਇਹ ਹੈ ਕਿ ਕੜਾਕੇ ਦੀ ਠੰਢ ਵਿਚ ਆਮ ਲੋਕਾਂ ਨੂੰ ਖੁੱਲ੍ਹੇ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਇਸ ਮਨੁੱਖੀ ਦੁਖਾਂਤ ਦੇ ਵਿਚਕਾਰ ਬ੍ਰਾਜ਼ੀਲ ਦੇ ਇਕ ਸੱਜੇ ਪੱਖੀ ਨੇਤਾ ਦਾ ਬਹੁਤ ਹੀ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਸਾਓ ਪਾਓਲੋ ਦੇ ਸੰਸਦ ਮੈਂਬਰ ਆਰਥਰ ਡੋ ਵਾਲ (35), ਜੋ ਕਿ ਕੂਟਨੀਤਕ ਮਿਸ਼ਨ ‘ਤੇ ਯੂਕ੍ਰੇਨ ਗਏ ਸਨ, ਨੇ ਕਿਹਾ ਕਿ ਯੂਕ੍ਰੇਨੀ ਔਰਤਾਂ “ਸਸਤੀਆਂ” ਅਤੇ ਬਹੁਤ “ਸੈਕਸੀ” ਹਨ।

ਆਰਥਰ ਦੀ ਲੀਕ ਹੋਈ ਰਿਕਾਰਡਿੰਗ ਨੂੰ ਲੈ ਕੇ ਬ੍ਰਾਜ਼ੀਲ ਦੇ ਮੀਡੀਆ ‘ਚ ਹੰਗਾਮਾ ਮਚ ਗਿਆ ਹੈ। ਲੱਖਾਂ ਯੂਕ੍ਰੇਨੀਆਂ ਦੇ ਬੇਘਰ ਹੋਣ ‘ਤੇ ਅਜਿਹਾ ਭੱਦਾ ਬਿਆਨ ਦੇਣ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਆਰਥਰ ਨੇ ਆਪਣੇ ਵਿਵਾਦਿਤ ਬਿਆਨ ‘ਚ ਕਿਹਾ, ‘ਮੈਂ ਹੁਣੇ ਪੈਦਲ ਹੀ ਯੂਕ੍ਰੇਨ ਅਤੇ ਸਲੋਵਾਕੀਆ ਦੀ ਸਰਹੱਦ ਪਾਰ ਕੀਤੀ ਹੈ। ਭਰਾ, ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਸੋਹਣੀਆਂ ਕੁੜੀਆਂ ਦੇ ਮਾਮਲੇ ਵਿਚ ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ। ਸ਼ਰਨਾਰਥੀ ਦਾ ਰੇਲਾ…ਇਹ 200 ਮੀਟਰ ਲੰਬਾ ਜਾਂ ਇਸ ਤੋਂ ਵੀ ਵੱਧ ਹੈ, ਜਿਸ ਵਿਚ ਸੋਹਣੀਆਂ ਕੁੜੀਆਂ ਹਨ।’

ਗਾਰਡੀਅਨ ਦੀ ਰਿਪੋਰਟ ਮੁਤਾਬਕ ਆਰਥਰ ਨੇ ਅੱਗੇ ਕਿਹਾ ਕਿ ਕੁੜੀਆਂ ਦੀ ਲਾਈਨ ਇੰਨੀ ਖ਼ੂਬਸੂਰਤ ਹੈ ਕਿ ਬ੍ਰਾਜ਼ੀਲ ਦੇ ਨਾਈਟ ਕਲੱਬ ਦੇ ਬਾਹਰ ਖੜ੍ਹੀਆਂ ਕੁੜੀਆਂ ਉਨ੍ਹਾਂ ਦੇ ਆਲੇ-ਦੁਆਲੇ ਵੀ ਨਹੀਂ ਫਟਕਦੀਆਂ। ਅਖ਼ਬਾਰ ਨੇ ਕਿਹਾ ਕਿ ਆਰਥਰ ਨੇ ਇਨ੍ਹਾਂ ਔਰਤਾਂ ਨੂੰ ਸਸਤੀ ਇਸ ਲਈ ਕਿਹਾ, ਕਿਉਂਕਿ ਉਹ ਗ਼ਰੀਬ ਹਨ। ਬ੍ਰਾਜ਼ੀਲ ਦੀ ਮੀਡੀਆ ਨੇ ਇਹ ਵੀ ਦੱਸਿਆ ਕਿ ਆਰਥਰ ਨੇ ਯੂਕ੍ਰੇਨ ਅਤੇ ਸਲੋਵਾਕੀਆ ਦੀ ਸਰਹੱਦ ‘ਤੇ ਖੜ੍ਹੇ ਫ਼ੌਜੀਆਂ ਨੂੰ ਵੀ ਅਪਸ਼ਬਦ ਕਹੇ। ਉਨ੍ਹਾਂ ਕਿਹਾ ਕਿ ਜਦੋਂ ਇਹ ਜੰਗ ਖ਼ਤਮ ਹੋ ਜਾਵੇਗੀ, ਉਦੋਂ ਮੈਂ ਇੱਥੇ ਵਾਪਸ ਆਵਾਂਗਾ।

ਬ੍ਰਾਜ਼ੀਲ ਵਿਚ ਯੂਕ੍ਰੇਨ ਦੇ ਸਾਬਕਾ ਰਾਜਦੂਤ ਦੀ ਪਤਨੀ ਨੇ ਆਰਥਰ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਘੱਟੀਆ ਸੋਚ ਵਾਲੇ ਕੁਝ ਸਨਮਾਨ ਤਾਂ ਦਿਖਾਓ।’ ਚਾਰੇ ਪਾਸਿਓਂ ਘਿਰਣ ਤੋਂ ਬਾਅਦ ਆਰਥਰ ਨੇ ਸਪੱਸ਼ਟ ਕੀਤਾ ਕਿ ਉਹ ਬਹੁਤ ਜ਼ਿਆਦਾ ਰੋਮਾਂਚਿਤ ਹੋ ਗਿਆ ਸੀ ਅਤੇ ਅਜਿਹੀ ਘਟੀਆ ਗੱਲ ਕਹੀ। ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਤੋਂ ਲੱਖਾਂ ਲੋਕ ਆਪਣੀ ਜਾਨ ਬਚਾਉਣ ਲਈ ਪੋਲੈਂਡ ਅਤੇ ਰੋਮਾਨੀਆ ਵਰਗੇ ਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ‘ਚ ਵੱਡੀ ਗਿਣਤੀ ‘ਚ ਔਰਤਾਂ ਹਨ ਜੋ ਸੈਕਸ ਸਲੇਵ ਬਣਨ ਦੇ ਖ਼ਤਰੇ ‘ਚ ਹਨ।

Leave a Reply

Your email address will not be published. Required fields are marked *