ਸ਼ਰੀਫ਼ ਵੱਲੋਂ ਇਮਰਾਨ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਦੇਸ਼ ਵਿਚ ਖਾਨਾਜੰਗੀ ਦੀ ਯੋਜਨਾਬੰਦੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਮੁਲਕ ਦੀਆਂ ਕੌਮੀ ਪੱਧਰ ਦੀਆਂ ਇਕਾਈਆਂ ਖ਼ਿਲਾਫ਼ ਬਿਰਤਾਂਤ ਸਿਰਜਣ ਦੇ ਦੋਸ਼ ਹੇਠ ਉਹ ਇਮਰਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫ਼ੌਜ ਨੇ ਆਪਣੇ ਆਲੋਚਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਤਾਕਤਵਰ ਇਕਾਈ ਉਤੇ ਚਿੱਕੜ ਸੁੱਟਣ ਤੋਂ ਗੁਰੇਜ਼ ਕਰਨ। ਇਮਰਾਨ ਖਾਨ ਸਰਕਾਰ ਡਿਗਣ ਮਗਰੋਂ ਫ਼ੌਜ ਨੂੰ ਬਿਆਨਬਾਜ਼ੀ ਰਾਹੀਂ ਸਿਆਸੀ ਪਿੜ ਵਿਚ ਖਿੱਚਣ ਦੇ ਕਾਫ਼ੀ ਯਤਨ ਹੋ ਰਹੇ ਹਨ। ਇਮਰਾਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਅਮਰੀਕਾ ਨੇ ਸਥਾਨਕ ਸਾਜ਼ਿਸ਼ਘਾੜਿਆਂ ਦੀ ਮਦਦ ਨਾਲ ਡੇਗਿਆ ਹੈ ਕਿਉਂਕ ਉਹ ਆਜ਼ਾਦਾਨਾ ਵਿਦੇਸ਼ ਨੀਤੀ ਦੇ ਹੱਕ ਵਿਚ ਸਨ। ਇਮਰਾਨ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਉਤੇ ਦੋਸ਼ ਲਾਇਆ ਸੀ ਕਿ ਫ਼ੌਜ ਨੇ ਸਰਕਾਰ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਸ਼ਾਹਬਾਜ਼ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖਾਨ ਵੱਲੋਂ ਐਬਟਾਬਾਦ ਵਿਚ ਕੀਤੀ ਗਈ ਰੈਲੀ ‘ਪਾਕਿਸਤਾਨ ਖ਼ਿਲਾਫ਼ ਵੱਡੀ ਸਾਜ਼ਿਸ਼’ ਹੈ। ਸ਼ਾਹਬਾਜ਼ ਨੇ ਕਿਹਾ ਕਿ ਐਬਟਾਬਾਦ ਵਿਚ ਐਤਵਾਰ ਦੀ ਰੈਲੀ ’ਚ ਇਮਰਾਨ ਨੇ ਪਾਕਿਸਤਾਨ, ਇਸ ਦੇ ਸੰਵਿਧਾਨ ਅਤੇ ਮੁਲਕ ਦੀਆਂ ਸਨਮਾਨਿਤ ਇਕਾਈਆਂ ਨੂੰ ਚੁਣੌਤੀ ਦਿੱਤੀ ਹੈ। ਸ਼ਾਹਬਾਜ਼ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Leave a Reply

Your email address will not be published. Required fields are marked *