ਗਵਾਦਰ ਅਧਿਕਾਰ ਕਾਰਕੁਨ ਵੱਲੋਂ 21 ਜੁਲਾਈ ਤੋਂ ਗਵਾਦਰ ਬੰਦਰਗਾਹ ਬੰਦ ਕਰਨ ਦੀ ਧਮਕੀ

ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਮੁੱਖ ਸਥਾਨਕ ਨੇਤਾ ਧਮਕੀ ਦਿੱਤੀ ਹੈ ਜੇਕਰ ਰਾਜ ਸਰਕਾਰ ਦੀ ਸਹਿਮਤੀ ਦੇ ਬਾਵਜੂਦ ਉਸ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ 21 ਜੁਲਾਈ ਤੋਂ ਰਣਨੀਤਕ ਪੱਖੋਂ ਅਹਿਮ ਗਵਾਦਰ ਬੰਦਰਗਾਹ ਬੰਦ ਕਰ ਦੇਣਗੇ। ਇਹ ਜਾਣਕਾਰੀ ਅੱਜ ਇੱਕ ਮੀਡੀਆ ਰਿਪੋਰਟ ’ਚ ਦਿੱਤੀ ਗਈ ਹੈ। ਚੀਨ ਦੀ ਪਹੁੰਚ ਅਰਬ ਸਾਗਰ ਤੱਕ ਯਕੀਨੀ ਬਣਾਉਣ ਵਾਲੀ ਇਹ ਬੰਦਰਗਾਹ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਇੱਕ ਅਹਿਮ ਹਿੱਸਾ ਹੈ। ਰਿਪੋਰਟ ਮੁਤਾਬਕ ਗਵਾਦਰ ਅਧਿਕਾਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਮੌਲਾਨਾ ਹਿਦਾਇਤਉਰ ਰਹਿਮਾਨ ਬਲੋਚ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਵਾਅਦਾ ਪੂਰਾ ਨਾ ਕਰਨ ’ਤੇ ਸਰਕਾਰ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਲਈ ਗਵਾਦਰ ਬੰਦਰਗਾਹ ਨੂੰ ਬੰਦ ਕੀਤਾ ਜਾਵੇਗਾ। ਜਮਾਤ-ਏ-ਇਸਲਾਮੀ ਦੇ ਸੂਬਾ ਜਨਰਲ ਸਕੱਤਰ ਬਲੋਚ ਨੇ ਕਿਹਾ ਕਿ ਬੰਦਰਗਾਹ ਸ਼ਹਿਰ ਵਿੱਚ ਮਹੀਨੇ ਤੋਂ ਜਾਰੀ ਧਰਨਾ ਖਤਮ ਕਰਨ ਲਈ ਅਪਰੈਲ ਮਹੀਨੇ ਸਰਕਾਰ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਬਲੋਚ ਦੇ ਹਵਾਲੇ ਨਾਲ ‘ਡਾਅਨ’ ਅਖਬਾਰ ਦੇ ਰਿਪੋਰਟ ’ਚ ਕਿਹਾ ਗਿਆ ਕਿ ਅਧਿਕਾਰ ਅੰਦੋਲਨ ਦੀਆਂ ਮੁੱਖ ਮੰਗਾਂ ਵਿੱਚ ‘ਟਰੈਵਲਰ’ (ਮੱਛੀਆਂ ਫੜਨ ਲਈ ਵਰਤੀਆਂ ਜਾਂਦੀਆ ਕਿਸ਼ਤੀਆਂ) ਮਾਫ਼ੀਆ ਤੋਂ ਬਲੋਚਿਸਤਾਨ ਦੇ ਸਮੁੰਦਰੀ ਤੱਟ ਨੂੰ ਮੁਕਤ ਕਰਵਾਉਣਾ, ਗਵਾਦਰ ਵਿੱਚ ਸਰਹੱਦੀ ਲਾਂਘਿਆਂ ਨੂੰ ਖੋਲ੍ਹਣਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣਾ ਅਤੇ ਗੈਰਜ਼ਰੂਰੀ ਨਾਕੇ ਖਤਮ ਕਰਨਾ ਸ਼ਾਮਲ ਹੈ।

Leave a Reply

Your email address will not be published. Required fields are marked *