ਜਾਨਸਨ ਨੇ ਅਸਤੀਫ਼ੇ ਦਾ ਕੀਤਾ ਐਲਾਨ, ਕਿਹਾ-ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਕਾਰਨ ਉਦਾਸ ਹਾਂ
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਆਗੂ ਦਾ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ।ਜਾਨਸਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼- 10 ਡਾਊਨਿੰਗ ਸਟ੍ਰੀਟ ਦੇ ਬਾਹਰ ਰਾਸ਼ਟਰ ਨੂੰ ਇੱਕ ਸੰਬੋਧਨ ਵਿੱਚ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਮਗਰੋਂ ਕਿੰਨਾ ਦੁਖੀ ਹਾਂ।”
58 ਸਾਲਾ ਜਾਨਸਨ 10 ਡਾਊਨਿੰਗ ਸਟ੍ਰੀਟ ‘ਤੇ ਉਦੋਂ ਤੱਕ ਇੰਚਾਰਜ ਬਣੇ ਰਹਿਣਗੇ ਜਦੋਂ ਤੱਕ ਕਿ ਅਕਤੂਬਰ ਨੂੰ ਹੋਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਦੇ ਸਮੇਂ ਤੱਕ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ।ਆਪਣੇ ਸੰਬੋਧਨ ਵਿੱਚ ਜਾਨਸਨ ਨੇ ਕਿਹਾ ਕਿ ਰਾਜਨੀਤੀ ਵਿੱਚ ਕੋਈ ਵੀ “ਲਾਜ਼ਮੀ” ਨਹੀਂ ਹੈ।ਉਨ੍ਹਾਂ ਨਵੇਂ ਆਗੂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।ਜਾਨਸਨ ਨੇ ਬ੍ਰਿਟਿਸ਼ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਮੈਨੂੰ ਦਿੱਤੇ ਗਏ ਅਥਾਹ ਸਨਮਾਨ ਲਈ ਸ਼ੁਕਰੀਆ।