ਵਿਆਹ ਕਰਕੇ ਆਸਟ੍ਰੇਲੀਆ ਭੇਜੀ ਕੁੜੀ ਨੇ ਤੋੜ ਦਿੱਤੇ ਸਾਰੇ ਸੁਫ਼ਨੇ, ਵਿਦੇਸ਼ੀ ਧਰਤੀ ’ਤੇ ਪਹੁੰਚ ਵਿਖਾਏ ਅਸਲ ਰੰਗ

ਮੋਗਾ:  ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਕੰੜਿਆਲ ਨਿਵਾਸੀ ਇਕ ਕੁੜੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਵਿਆਹ ਕਰਵਾ ਕੇ ਆਸਟ੍ਰੇਲੀਆ ਲੈ ਜਾਣ ਦਾ ਝਾਂਸਾ ਦੇ ਕੇ ਸੱਦੇਵਾਲਾ ਨਿਵਾਸੀ ਜਗਜੀਤ ਸਿੰਘ ਨਾਲ 32 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਂਚ ਤੋਂ ਬਾਅਦ ਰਮਨੀਤ ਕੌਰ ਅਤੇ ਉਸਦੇ ਪਿਤਾ ਮੇਹਰ ਸਿੰਘ ਨਿਵਾਸੀ ਪਿੰਡ ਕੜਿਆਲ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਗਜੀਤ ਸਿੰਘ ਨੇ ਕਿਹਾ ਕਿ ਰਮਨੀਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ ਉਨ੍ਹਾਂ ਸਾਨੂੰ ਕਿਹਾ ਕਿ ਵਿਆਹ ਕਰਵਾ ਕੇ ਉਹ ਤੈਨੂੰ ਆਸਟ੍ਰੇਲੀਆ ਲੈ ਜਾਵੇਗੀ, ਜਿਸ ’ਤੇ 26 ਨਵੰਬਰ 2011 ਨੂੰ ਮੇਰਾ ਵਿਆਹ ਰਮਨੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ।

ਵਿਆਹ ਤੋਂ ਬਾਅਦ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਗਿਆ, ਜੋ ਕਰੀਬ 32 ਲੱਖ ਰੁਪਏ ਬਣਦਾ ਹੈ। ਜਦੋਂ ਰਮਨੀਤ ਕੌਰ ਆਸਟ੍ਰੇਲੀਆ ਚਲੀ ਗਈ ਤਾਂ ਉਸਨੇ ਮੈਨੂੰ ਆਸਟ੍ਰੇਲੀਆ ਨਹੀਂ ਬੁਲਾਇਆ ਅਤੇ ਸੱਦਣ ਤੋਂ ਇਨਕਾਰ ਕਰ ਦਿੱਤਾ। ਅਸੀਂ ਕਈ ਵਾਰ ਉਸਦੇ ਪਿਤਾ ਮੇਹਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਪਰ ਸਾਡੀ ਕਿਸੇ ਨੇ ਕੋਈ ਗੱਲ ਨਾ ਸੁਣੀ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਨਾਲ ਮਿਲੀਭੁਗਤ ਕਰ ਕੇ 32 ਲੱਖ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Leave a Reply

Your email address will not be published. Required fields are marked *