‘ਪਿੰਡੀ ਗਰਲ’ ਰੀਨਾ ਜੱਦੀ ਘਰ ਦੇਖ ਕੇ ਹੋਈ ਭਾਵੁਕ

ਇਸਲਾਮਾਬਾਦ: ਭਾਰਤ ਵੰਡ ਦੇ 75 ਸਾਲਾਂ ਬਾਅਦ ਪਹਿਲੀ ਵਾਰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਜੱਦੀ ਘਰ ਪਹੁੰਚੀ ਰੀਨਾ ਵਰਮਾ ਛਿੱਬਰ ਨੇ ਕਿਹਾ ਕਿ ਉਸ ਦੀ ਯਾਤਰਾ ਦਾ ਤਜਰਬਾ ‘ਖੱਟਾ-ਮਿੱਠਾ’ ਰਿਹਾ ਹੈ। ਵੰਡ ਦੌਰਾਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਰਾਵਲਪਿੰਡੀ ਛੱਡ ਕੇ ਭਾਰਤ ਚਲਾ ਗਿਆ ਸੀ ਤੇ ਉਸ ਸਮੇਂ ਉਹ 15 ਸਾਲਾਂ ਦੀ ਸੀ। ਪੁਣੇ ਦੀ ਰਹਿਣ ਵਾਲੀ ਰੀਨਾ ਬੁੱਧਵਾਰ ਨੂੰ ਜਦੋਂ ਰਾਵਲਪਿੰਡੀ ਆਪਣੇ ‘ਪ੍ਰੇਮ ਨਿਵਾਸ’ ਪਹੁੰਚੀ ਤਾਂ ਗੁਆਂਢੀਆਂ ਨੇ ਉਸ ਦਾ ਸਵਾਗਤ ਕੀਤਾ। ਵਰਮਾ ਨੇ ਕਿਹਾ ਕਿ ਰਾਵਲਪਿੰਡੀ ਦੀ ਆਪਣੀ ਯਾਤਰਾ ਬਾਰੇ ਉਸ ਦੀਆਂ ਭਾਵਨਾਵਾਂ ਰਲੀਆਂ ਮਿਲੀਆਂ ਹਨ ਤੇ ਇਹ ਇੱਕ ਸੁਫਨਾ ਸੱਚ ਹੋਣ ਵਾਂਗ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਰੀਨਾ ਵਰਮਾ ਨੇ ਕਿਹਾ, ‘‘ਮੇਰਾ ਮਨ ਦੁਖੀ ਹੈ ਪਰ ਮੈਂ ਉਸ ਪਲ ਦਾ ਅਹਿਸਾਸ ਕਰਨ ਲਈ ਸ਼ੁਕਰਗੁਜ਼ਾਰ ਹਾਂ ਜਿਸ ਨੂੰ ਮੈਂ ਪੂਰੀ ਜ਼ਿੰਦਗੀ ਉਡੀਕਦੀ ਰਹੀ। ਇਹ ਖੱਟਾ-ਮਿੱਠਾ ਅਹਿਸਾਸ ਸੀ।’’ ਉਸ ਨੇ ਕਿਹਾ, ‘‘ਮੈਂ ਇਹ ਪਲ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਪਰ ਉਹ ਸਾਰੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਮੈਂ ਇੱਥੇ ਆ ਕੇ ਖੁਸ਼ ਹਾਂ ਪਰ ਅੱਜ ਮੈਂ ਇਕਲਾਪਾ ਮਹਿਸੂਸ ਕਰ ਰਹੀ ਹਾਂ।’’ ਰੀਨਾ ਵਰਮਾ ਨੇ ਦੱਸਿਆ ਕਿ ਉਹ ਉਸ ਦੇ ਚਾਰ ਭਰਾ-ਭੈਣਾਂ ਸ਼ਹਿਰ ਦੇ ਮਾਡਰਨ ਸਕੂਲ ’ਚ ਪੜ੍ਹਦੇ ਸਨ। ਉਸ ਨੇ ਕਿਹਾ ਕਿ ਉਨ੍ਹਾਂ ਦੇ ਅੱਠ ਮੈਂਬਰਾਂ ਵਾਲੇ ਪਰਿਵਾਰ ਵਿੱਚ ਹੁਣ ਕੋਈ ਵੀ ਜਿਊਂਦਾ ਨਹੀਂ ਹੈ, ਜਿਸ ਨਾਲ ਉਹ ਆਪਣੀ ਖੁਸ਼ੀ ਸਾਂਝੀ ਕਰ ਸਕੇ। ਵਰਮਾ ਨੇ 1965 ਵਿੱਚ ਵੀ ਪਾਕਿਸਤਾਨ ਦੇ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਵੀਜ਼ਾ ਨਹੀਂ ਸੀ ਮਿਲਿਆ। ਨੱਬੇ ਸਾਲਾ ਰੀਨਾ ਨੇ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ। ਪਾਕਿਸਤਾਨੀ ਨਾਗਰਿਕ ਸੱਜਾਦ ਹੈਦਰ ਨੇ ਸੋਸ਼ਲ ਮੀਡੀਆ ’ਤੇ ਉਸ ਨਾਲ ਸੰਪਰਕ ਕੀਤਾ ਅਤੇ ਰਾਵਲਪਿੰਡੀ ਸਥਿਤ ਉਨ੍ਹਾਂ ਦੇ ਘਰ ਦੀਆਂ ਤਸਵੀਰਾਂ ਉਸ ਨੂੰ ਭੇਜੀਆਂ ਸਨ। ਪਾਕਿਸਤਾਨ ਆਉਣ ਦੀ ਇੱਛਾ ਪ੍ਰਗਟਾਉਂਦਿਆਂ ਰੀਨਾ ਵਰਮਾ ਨੇ ਇੱਕ ਸੋਸ਼ਲ ਮੀਡੀਆ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟੈਗ ਕੀਤੀ ਸੀ। ਇਸ ਤੋਂ ਬਾਅਦ ਮੰੰਤਰੀ ਖਾਰ ਨੇ ਉਸ ਨੂੰ ਰਾਵਲਪਿੰਡੀ ਆਉਣ ਲਈ ਵੀਜ਼ੇ ਦੀ ਸਹੂਲਤ ਮੁਹੱਈਆ ਕਰਵਾਈ।  ਸਥਾਨਕ ਮੀਡੀਆ ਵਿੱਚ ‘ਪਿੰਡੀ ਗਰਲ’ ਵਜੋਂ ਚਰਚਿਤ ਹੋਈ ਰੀਨਾ ਵਰਮਾ ਨੇ ਕਿਹਾ, ‘‘ਮੈਂ ਭਾਰਤ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਲੋਕ ਪਾਕਿਸਤਾਨ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਹੈ।’’

Leave a Reply

Your email address will not be published. Required fields are marked *