ਸ੍ਰੀਲੰਕਾ ਅਦਾਲਤ ਵੱਲੋਂ ਪੁਲੀਸ ਨੂੰ ਰਾਸ਼ਟਰਪਤੀ ਭਵਨ ’ਚੋਂ ਮਿਲੇ 1.78 ਕਰੋੜ ਰੁਪਏ ਪੇਸ਼ ਕਰਨ ਦਾ ਹੁਕਮ

ਕੋਲੰਬੋ:ਸ੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਮਿਲੇ 1.78 ਕਰੋੜ ਰੁਪਏ ਦੀ ਨਕਦੀ ਤੁਰੰਤ ਪੇਸ਼ ਕਰੇ। ਪੁਲੀਸ ਵੱਲੋਂ ਅਦਾਲਤ ਨੂੰ ਇਹ ਜਾਣਕਾਰੀ ਦਿੱਤੇ ਜਾਣ ਕਿ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਵਿਚੋਂ ਮਿਲੀ ਨਕਦੀ 9 ਜੁਲਾਈ ਨੂੰ ਪੁਲੀਸ ਨੂੰ ਸੌਂਪ ਦਿੱਤੀ ਸੀ, ਫੋਰਟ ਮੇੈਜਿਸਟਰੇਟ ਅਦਾਲਤ ਨੇ ਫੋਰਟ ਪੁਲੀਸ ਇੰਚਾਰਜ ਨੂੰ ਇਹ ਹੁਕਮ ਦਿੱਤਾ। ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਣ ਤੇ ਉਸ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਉਸ ਨੂੰ ਛੱਡ ਦਿੱਤਾ ਸੀ।

ਡੇਲੀ ਮਿਰਰ ਅਖਬਾਰ ਨੇ ਫੋਰਟ ਮੈਜਿਸਟਰੇਟ ਥੀਲੀਨਾ ਗਾਮੇਜ ਦੇ ਹਵਾਲੇ ਨਾਲ ਕਿਹਾ ਕਿ ਇਹ ਹੁਕਮ ਇਸ ਲਈ ਆਇਆ ਹੈ ਕਿਉਂਕਿ 1.78 ਕਰੋੜ ਰੁਪਏ ਪੁਲੀਸ ਨੂੰ ਸੌਂਪੇ ਜਾਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਅਦਾਲਤ ਨੂੰ ਪੈਸੇ ਬਾਰੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਗਾਮੇਜ ਨੇ ਪੁਲੀਸ ਨੂੰ ਬਰਾਮਦ ਕੀਤੇ ਪੈਸਿਆਂ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸੈਂਕੜੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ 9 ਜੁਲਾਈ ਨੂੰ ਕੇਂਦਰੀ ਕੋਲੰਬੋ ਦੇ ਉੱਚ-ਸੁਰੱਖਿਆ ਵਾਲੇ ਫੋਰਟ ਖੇਤਰ ਵਿੱਚ ਬੇੈਰੀਕੇਡਾਂ ਨੂੰ ਤੋੜ ਕੇ ਰਾਸ਼ਟਰਪਤੀ ਰਾਜਪਕਸ਼ੇ ਦੀ ਰਿਹਾਇਸ਼ ਵਿੱਚ ਦਾਖਲ ਹੋਏ ਸਨ।  ਉਹ ਮੁਲਕ ਵਿਚਲੇ ਆਰਥਿਕ ਸੰਕਟ ਕਾਰਨ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਉਧਰ, ਰਾਸ਼ਟਰਪਤੀ ਭਵਨ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਨੂੰ ਪੁਲੀਸ ਨੇ ਪ੍ਰਤੀ ਵਿਅਕਤੀ 5 ਲੱਖ ਰੁਪਏ ਦੀ ਨਿਜੀ ਜ਼ਮਾਨਤ ’ਤੇ ਛੱਡ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੇ ਜਾਣ ਬਾਅਦ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਉਥੋਂ ਮਿਲੀ ਰਾਸ਼ੀ ਗਿਣਦੇ ਦਿਖਾਈ ਦੇ ਰਹੇ ਸਨ। –

Leave a Reply

Your email address will not be published. Required fields are marked *