27 ਸਾਲਾ ਨੌਜਵਾਨ ਦਿਖਣ ’ਚ ਲੱਗਦੈ ਬੱਚਾ, ਨਹੀਂ ਮਿਲ ਰਹੀ ਨੌਕਰੀ, ਮਾਲਕ ਦੇ ਰਹੇ ਅਜੀਬੋ-ਗਰੀਬ ਤਰਕ

ਇਕ 27 ਸਾਲਾ ਸ਼ਖ਼ਸ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ। ਇਸ ਦੇ ਪਿੱਛੇ ਜੋ ਕਾਰਨ ਉਸ ਨੇ ਦੱਸਿਆ ਹੈ, ਉਹ ਕਾਫ਼ੀ ਅਸਾਧਾਰਨ ਹੈ। ਇਸ ਸ਼ਖ਼ਸ ਦਾ ਦਾਅਵਾ ਹੈ ਕਿ 27 ਸਾਲ ਦੀ ਉਮਰ ’ਚ ਵੀ ਉਹ ਬੱਚੇ ਵਰਗਾ ਦਿਖਦਾ ਹੈ, ਇਸ ਲਈ ਲੋਕ ਉਸ ਨੂੰ ਕੰਮ ’ਤੇ ਨਹੀਂ ਰੱਖਦੇ। ਮਾਓ ਸ਼ੇਂਗ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸੁਰਖੀਆਂ ਬਟੋਰ ਰਹੀ ਹੈ। ਯੂਜ਼ਰਜ਼ ਨੇ ਸਿਰਫ ਲੁੱਕਸ ਕਾਰਨ ਮਾਓ ਨੂੰ ਨੌਕਰੀ ਨਾ ਦੇਣ ਨੂੰ ਲੈ ਕੇ ਮਾਲਕਾਂ ਦੀ ਆਲੋਚਨਾ ਕੀਤੀ ਹੈ। ਮਾਓ ਸ਼ੇਂਗ ਚੀਨ ਦੇ ਗੁਆਂਗਡੋਂਗ ਸੂਬੇ ਦਾ ਰਹਿਣ ਵਾਲਾ ਹੈ। ਉਸ ਦਾ ਕਹਿਣਾ ਹੈ ਕਿ 27 ਸਾਲ ਦੀ ਉਮਰ ’ਚ ਵੀ ਉਸ ਨੂੰ ਕੋਈ ਕੰਮ ਨਹੀਂ ਦੇ ਰਿਹਾ। ਲੋਕ ਉਸ ਨੂੰ ਬੱਚਾ ਸਮਝ ਕੇ ਨਜ਼ਰਅੰਦਾਜ਼ ਕਰਦੇ ਹਨ। ਲੋਕ ਸੋਚਦੇ ਹਨ ਕਿ ਮਾਓ ਸ਼ੇਂਗ ਨੂੰ ਨੌਕਰੀ ਦੇਣ ਨਾਲ ਉਹ ਬਾਲ ਮਜ਼ਦੂਰੀ ਦੇ ਕੇਸ ’ਚ ਫਸ ਸਕਦੇ ਹਨ।

ਇਕ ਵੀਡੀਓ ’ਚ ਮਾਓ ਦਾ ਕਹਿਣਾ ਹੈ ਕਿ ਛੋਟੇ ਕੱਦ ਅਤੇ ਬੱਚਿਆਂ ਵਰਗੀ ਦਿੱਖ ਉਸ ਦੀ ਜ਼ਿੰਦਗੀ ’ਚ ਇਕ ਗੰਭੀਰ ਸਮੱਸਿਆ ਸਾਬਤ ਹੋ ਰਹੀ ਹੈ। ਉਹ ਜਦੋਂ ਵੀ ਕਿਤੇ ਨੌਕਰੀ ਦੀ ਇੰਟਰਵਿਊ ਲਈ ਜਾਂਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਕੋਈ ਵੀ ਉਸ ਨੂੰ ਬੱਚਾ ਸਮਝ ਕੇ ਨੌਕਰੀ ਨਹੀਂ ਦਿੰਦਾ। ਜਿਉਂ ਹੀ ਮਾਓ ਨੇ ਲੋਕਾਂ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ, ਉਹ ਤੁਰੰਤ ਵਾਇਰਲ ਹੋ ਗਿਆ। ਸੋਸ਼ਲ ਮੀਡੀਆ ’ਤੇ ਉਸ ਦੀਆਂ ਤਸਵੀਰਾਂ/ਵੀਡੀਓਜ਼ ਦੇਖ ਕੇ ਲੋਕ ਸਮਝ ਗਏ ਕਿ ਆਖਿਰ ਕਿਉਂ ਉਸ ਨੂੰ ਨੌਕਰੀ ਦੇਣ ’ਚ ਅਜਿਹੀ ਗ਼ਲਤਫਹਿਮੀ ਹੋ ਰਹੀ ਹੈ। ਨੌਕਰੀ ਨਾ ਮਿਲਣ ’ਤੇ ਮਾਓ ਨਿਰਾਸ਼ਾ ਜ਼ਾਹਿਰ ਕਰਦਿਆਂ ਕਹਿੰਦਾ ਹੈ ਕਿ ਉਹ ਆਪਣੇ ਪਿਤਾ ਦੀ ਆਰਥਿਕ ਮਦਦ ਕਰਨ ਦੇ ਸਮਰੱਥ ਨਹੀਂ ਹੈ।

ਰਿਪੋਰਟ ਮੁਤਾਬਕ ਮਾਓ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ। ਪਿਤਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਾਓ ਘਰ ’ਚ ਇਕੱਲਾ ਰੋਟੀ ਕਮਾਉਣ ਵਾਲਾ ਸੀ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਨੌਕਰੀ ਦੇ ਕਈ ਆਫ਼ਰ ਆਏ, ਇਕ ਹੋਰ ਵੀਡੀਓ ਮੁਤਾਬਕ ਮਾਓ ਨੂੰ ਇਕ ਕੰਪਨੀ ਨੇ ਨੌਕਰੀ ਲਈ ਹਾਮੀ ਭਰ ਦਿੱਤੀ ਹੈ।

Leave a Reply

Your email address will not be published. Required fields are marked *