ਪਾਕਿ: ਮੈਡੀਕਲ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਦਾ ਵਕੀਲਾਂ ਨੇ ਚਾੜ੍ਹਿਆ ਕੁਟਾਪਾ

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੈਡੀਕਲ ਦੀ ਵਿਦਿਆਰਥੀ ‘ਤੇ ਬੇਰਹਿਮੀ ਨਾਲ ਤਸ਼ੱਦਦ ਕਰਨ ਅਤੇ ਜਿਨਸੀ ਸ਼ੋਸ਼ਣ ਵਿਚ ਕਥਿਤ ਤੌਰ ‘ਤੇ ਸ਼ਾਮਲ ਮੁੱਖ ਸ਼ੱਕੀ ਨੂੰ ਵਕੀਲਾਂ ਦੇ ਇਕ ਸਮੂਹ ਨੇ ਅਦਾਲਤ ਵਿਚ ਕੁੱਟਿਆ। ਵੀਰਵਾਰ ਨੂੰ ਜਦੋਂ ਪੁਲਸ ਨੇ ਦੋਸ਼ੀ ਸ਼ੇਖ ਦਾਨਿਸ਼ ਅਤੇ ਉਸ ਦੇ ਸਾਥੀਆਂ ਨੂੰ ਫੈਸਲਾਬਾਦ ਦੀ ਸੈਸ਼ਨ ਕੋਰਟ ‘ਚ ਪੇਸ਼ ਕੀਤਾ ਤਾਂ ਵਕੀਲਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਗੁੱਸੇ ‘ਚ ਆਏ ਵਕੀਲਾਂ ਨੇ ਉਸ ‘ਤੇ ਜੁੱਤੀ ਵੀ ਸੁੱਟੀ। ਹਾਲਾਂਕਿ, ਪੁਲਸ ਨੇ ਸ਼ੱਕੀ ਨੂੰ ਬਚਾ ਲਿਆ ਅਤੇ ਜੱਜ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਪੁੱਛਗਿੱਛ 2 ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

8 ਅਗਸਤ ਨੂੰ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਫੈਸਲਾਬਾਦ ‘ਚ ਮੈਡੀਕਲ ਦੀ ਵਿਦਿਆਰਥਣ ‘ਤੇ ਹਮਲਾ ਹੋਇਆ ਸੀ। ਦੋਸ਼ ਹੈ ਕਿ ਕਾਰੋਬਾਰੀ ਅਤੇ ਮੁੱਖ ਸ਼ੱਕੀ ਦਾਨਿਸ਼ ਨੇ ਵਿਦਿਆਰਥਣ ਨੂੰ ਵਿਆਹ ਤੋਂ ਇਨਕਾਰ ਕਰਨ ‘ਤੇ ਲਈ ਤਸ਼ੱਦਦ ਕੀਤਾ। ਪੁਲਸ ਨੇ ਵਿਦਿਆਰਥਣ ਨੂੰ ਅਗਵਾ ਕਰਨ, ਤਸੀਹੇ ਦੇਣ, ਜ਼ਬਰੀ ਵਸੂਲੀ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ 15 ਸ਼ੱਕੀਆਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੰਜਾਬ ਪੁਲਸ ਦੇ ਬੁਲਾਰੇ ਨੇ ਕਿਹਾ, “ਪੁਲਸ ਨੇ ਦਾਨਿਸ਼ ਅਤੇ ਉਸ ਦੀ ਧੀ ਸਮੇਤ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।” ਪੀੜਤਾ ਆਪਣੀ ਬਜ਼ੁਰਗ ਮਾਂ ਨਾਲ ਰਹਿੰਦੀ ਹੈ। ਉਸਦੇ ਦੋ ਭਰਾ ਯੂਕੇ ਅਤੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ।

ਵਿਦਿਆਰਥਣ ਨੇ ਦੱਸਿਆ ਕਿ ਉਸ ਦੇ ਆਪਣੀ ਸਹਿਪਾਠੀ ਅਨਾ ਨਾਲ ਪਰਿਵਾਰਕ ਸਬੰਧ ਹਨ। ਵਿਦਿਆਰਥਣ ਨੇ ਦੱਸਿਆ ਕਿ ਅਨਾ ਦੇ ਪਿਤਾ ਸ਼ੇਖ ਰਾਸ਼ਿਦ ਨੇ ਮੈਨੂੰ ਵਿਆਹ ਦੀ ਪੇਸ਼ਕਸ਼ ਕੀਤੀ ਸੀ। ਪਰ ਮੈਂ ਅਤੇ ਮੇਰੇ ਪਰਿਵਾਰ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਦਾਨਿਸ਼ ਮੇਰੇ ਪਿਤਾ ਦੀ ਉਮਰ ਦਾ ਹੈ ਅਤੇ ਜਦੋਂ ਮੈਂ ਇਹ ਗੱਲ ਅਨਾ ਨੂੰ ਦੱਸੀ ਤਾਂ ਉਹ ਮੇਰੇ ‘ਤੇ ਗੁੱਸੇ ਹੋ ਗਈ। ਪੀੜਤਾਂ ਨੇ ਅੱਗੇ ਦੱਸਿਆ ਕਿ 8 ਅਗਸਤ ਨੂੰ ਜਦੋਂ ਉਸ ਦਾ ਭਰਾ ਬਰਤਾਨੀਆ ਤੋਂ ਵਾਪਸ ਆਇਆ ਤਾਂ ਦਾਨਿਸ਼ ਅਤੇ ਉਸ ਦੇ 14 ਸਾਥੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਭਰਾ ਨੂੰ ਵਿਆਹ ਦਾ ਪ੍ਰਸਤਾਵ ਸਵੀਕਾਰ ਕਰਨ ਲਈ ਮਜਬੂਰ ਕੀਤਾ। ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਜਦੋਂ ਵਿਦਿਆਰਥਣ ਦੇ ਭਰਾ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਤਾਂ ਸ਼ੱਕੀ ਅਤੇ ਉਸਦੇ ਸਾਥੀਆਂ ਨੇ ਦੋਵਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਬਰਦਸਤੀ ਦਾਨਿਸ਼ ਦੇ ਘਰ ਲੈ ਗਏ, ਜਿੱਥੇ ਉਨ੍ਹਾਂ ਨੇ ਦੁਬਾਰਾ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁੱਖ ਸ਼ੱਕੀ (ਦਾਨਿਸ਼) ਵਿਦਿਆਰਥਣ ਨੂੰ ਦੂਜੇ ਕਮਰੇ ਵਿੱਚ ਲੈ ਗਿਆ ਜਿੱਥੇ ਉਸਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਘਟਨਾ ਦੀ ਇੱਕ ਵੀਡੀਓ ਬਣਾ ਲਈ।

Leave a Reply

Your email address will not be published. Required fields are marked *