ਸਕਾਟਲੈਂਡ : ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਵਾਪਸ ਭੇਜਣ ਲਈ ਗਲਾਸਗੋ ਲਾਈਫ ਮਿਊਜ਼ੀਅਮ ਨੇ ਕੀਤੀ ਪਹਿਲ

ਗਲਾਸਗੋ : ਭਾਰਤ ਤੋਂ ਲਿਆਂਦੀਆਂ ਕਲਾਕ੍ਰਿਤੀਆਂ ਦੀ ਭਾਰਤ ਨੂੰ ਮੁੜ ਸਪੁਰਦਗੀ ਕਰਨ ਦੀ ਗਲਾਸਗੋ ਲਾਈਫ ਮਿਊਜ਼ੀਅਮ ਨੇ ਪਹਿਲ ਕੀਤੀ ਹੈ। ਇਸ ਤਰ੍ਹਾਂ ਇਹ ਅਜਾਇਬਘਰ ਯੂ. ਕੇ. ਦਾ ਪਹਿਲਾ ਅਜਿਹਾ ਅਜਾਇਬਘਰ ਬਣ ਗਿਆ ਹੈ, ਜਿਸ ਨੇ ਭਾਰਤ ਤੋਂ ਲਿਆਂਦੀਆਂ ਪੁਰਾਤਨ ਵਸਤਾਂ ਮੁੜ ਭਾਰਤ ਸਰਕਾਰ ਨੂੰ ਸੌਂਪਣ ਦਾ ਕਦਮ ਉਠਾਇਆ ਹੋਵੇ। ਇਸ ਕਾਰਜ ਲਈ ਗਲਾਸਗੋ ਲਾਈਫ ਮਿਊਜ਼ੀਅਮਜ਼ ਨੇ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਗਲਾਸਗੋ ਲਾਈਫ ਇਕ ਚੈਰਿਟੀ ਹੈ, ਜੋ ਸ਼ਹਿਰ ਦੇ ਅਜਾਇਬਘਰ ਸੰਗ੍ਰਹਿ ਦਾ ਪ੍ਰਬੰਧਨ ਕਰਦੀ ਹੈ। ਕੇਲਵਿੰਗਰੋਵ ਆਰਟ ਗੈਲਰੀ ਅਤੇ ਮਿਊਜ਼ੀਅਮ ਵਿਖੇ ਆਯੋਜਿਤ ਸਮਾਗਮ ਦੌਰਾਨ ਅੱਜ 7 ਭਾਰਤੀ ਪੁਰਾਤਨ ਵਸਤਾਂ ਨੂੰ ਵਾਪਸ ਕਰਨ ਲਈ ਮਲਕੀਅਤ ਦੇ ਤਬਾਦਲੇ ਲਈ ਭਾਰਤੀ ਹਾਈ ਕਮਿਸ਼ਨ ਦੇ ਪਤਵੰਤਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਭਾਰਤ ਸਰਕਾਰ ਅਤੇ ਭਾਰਤ ਦੇ ਪੁਰਾਤੱਤਵ ਸਰਵੇਖਣ ਦੇ ਡੈਲੀਗੇਟਾਂ ਨੂੰ ਗਲਾਸਗੋ ਮਿਊਜ਼ੀਅਮ ਰਿਸੋਰਸ ਸੈਂਟਰ ਵਿਖੇ ਵਸਤੂਆਂ ਨੂੰ ਦੇਖਣ ਦਾ ਮੌਕਾ ਵੀ ਦਿੱਤਾ ਗਿਆ, ਜਿੱਥੇ ਉਹ ਸੁਰੱਖਿਅਤ ਢੰਗ ਨਾਲ ਸਾਂਭ ਕੇ ਰੱਖੀਆਂ ਗਈਆਂ ਹਨ। ਇਸ ਵਫ਼ਦ ’ਚ ਸੁਜੀਤ ਘੋਸ਼, ਕਾਰਜਕਾਰੀ ਹਾਈ ਕਮਿਸ਼ਨਰ, ਭਾਰਤੀ ਹਾਈ ਕਮਿਸ਼ਨ ਲੰਡਨ, ਜਸਪ੍ਰੀਤ ਸੁਖੀਜਾ ਫਸਟ ਸੈਕਟਰੀ ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਬਿਜੇ ਸੇਲਵਾਰਾਜ, ਭਾਰਤ ਦੇ ਕੌਂਸਲੇਟ ਜਨਰਲ, ਐਡਿਨਬਰਗ ਦੇ ਕੌਂਸਲ ਜਨਰਲ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।

ਪੁਰਾਤਨ ਵਸਤਾਂ ਦੀ ਮਲਕੀਅਤ ਦੇ ਤਬਾਦਲੇ ਦੀ ਰਸਮ ਗਲਾਸਗੋ ਸਿਟੀ ਕੌਂਸਲ ਦੀ ਸਿਟੀ ਪ੍ਰਸ਼ਾਸਨ ਕਮੇਟੀ ਨੇ ਅਪ੍ਰੈਲ ’ਚ ਭਾਰਤ, ਨਾਈਜੀਰੀਆ ਅਤੇ ਚੇਏਨ ਨਦੀ ਅਤੇ ਪਾਈਨ ਰਿਜ ਲਕੋਟਾ ਆਦਿ ਕਬੀਲਿਆਂ ਨੂੰ 51 ਵਸਤੂਆਂ ਵਾਪਸ ਕਰਨ ਲਈ ਕ੍ਰਾਸ-ਪਾਰਟੀ ਵਰਕਿੰਗ ਗਰੁੱਪ ਫਾਰ ਰੀਪੇਟ੍ਰੀਏਸ਼ਨ ਐਂਡ ਸਪੋਲੀਏਸ਼ਨ ਵੱਲੋਂ ਕੀਤੀ ਗਈ ਇਕ ਸਿਫ਼ਾਿਰਸ਼ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੋਈ। ਗਲਾਸਗੋ ਲਾਈਫ ਮਿਊਜ਼ੀਅਮ ਜਨਵਰੀ 2021 ਤੋਂ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੇ ਨਾਲ-ਨਾਲ ਭਾਰਤੀ ਕਲਾਕ੍ਰਿਤੀਆਂ ਦੀ ਵਾਪਸੀ ’ਤੇ ਕੰਮ ਕਰ ਰਿਹਾ ਹੈ। ਪੁਰਾਤਨ ਵਸਤਾਂ ’ਚ ਇਕ ਰਸਮੀ ਇੰਡੋ-ਫ਼ਾਰਸੀ ਤੁਲਵਾਰ (ਤਲਵਾਰ) ਸ਼ਾਮਲ ਹੈ, ਜੋ 14ਵੀਂ ਸਦੀ ਦੀ ਮੰਨੀ ਜਾਂਦੀ ਹੈ ਅਤੇ ਇਸ ਨੂੰ ਕਾਨਪੁਰ ਦੇ ਇਕ ਹਿੰਦੂ ਮੰਦਰ ਤੋਂ ਲਿਆ ਗਿਆ ਸੀ। ਇਨ੍ਹਾਂ ਵਸਤਾਂ ’ਚ 11ਵੀਂ ਸਦੀ ਦਾ ਉੱਕਰਿਆ ਪੱਥਰ ਦਾ ਦਰਵਾਜ਼ਾ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ ਛੇ ਵਸਤੂਆਂ ਨੂੰ 19ਵੀਂ ਸਦੀ ਦੌਰਾਨ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਮੰਦਰਾਂ ਅਤੇ ਗੁਰਦੁਆਰਿਆਂ ਤੋਂ ਹਟਾ ਦਿੱਤਾ ਗਿਆ ਸੀ, ਜਦਕਿ ਸੱਤਵੀਂ ਨੂੰ ਮਾਲਕ ਤੋਂ ਚੋਰੀ ਹੋਣ ਤੋਂ ਬਾਅਦ ਖਰੀਦਿਆ ਗਿਆ ਸੀ। ਇਹ ਸਾਰੀਆਂ 7 ਕਲਾਕ੍ਰਿਤੀਆਂ ਗਲਾਸਗੋ ਦੇ ਸੰਗ੍ਰਹਿ ਨੂੰ ਤੋਹਫ਼ੇ ਵਜੋਂ ਮਿਲੀਆਂ ਦੱਸੀਆਂ ਗਈਆਂ ਸਨ।

Leave a Reply

Your email address will not be published. Required fields are marked *