ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਮੁੰਦਰ ‘ਚ ਪਲਟੀ, 73 ਲੋਕਾਂ ਦੀ ਮੌਤ

ਦਮਿਸ਼ਕ : ਲੇਬਨਾਨ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਸੀਰੀਆ ਦੇ ਖੇਤਰ ਵਿਚ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਸਰਕਾਰੀ ਟੀਵੀ ਨੇ ਸੀਰੀਆ ਦੇ ਸਿਹਤ ਮੰਤਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੀੜਤਾਂ ਦੇ ਕੁਝ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਲਈ ਗੁਆਂਢੀ ਦੇਸ਼ ਲੇਬਨਾਨ ਤੋਂ ਸੀਰੀਆ ਆਉਣੇ ਸ਼ੁਰੂ ਹੋ ਗਏ ਹਨ।

ਸਿਹਤ ਮੰਤਰੀ ਮੁਹੰਮਦ ਹਸਨ ਗਬਾਸ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 20 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਅਤੇ ਸੀਰੀਆ ਦੇ ਤੱਟਵਰਤੀ ਸ਼ਹਿਰ ਟਾਰਟੂਸ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਹੀ ਮੈਡੀਕਲ ਅਧਿਕਾਰੀਆਂ ਨੂੰ ਤਲਾਸ਼ੀ ਮੁਹਿੰਮ ‘ਚ ਮਦਦ ਲਈ ਅਲਰਟ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਾਰਟੋਸ ਦੇ ਗਵਰਨਰ ਅਬਦੁਲ ਹਲੀਮ ਖਲੀਲ ਨੇ ਸਰਕਾਰ ਪੱਖੀ ਸ਼ਾਮ ਐਫਐਮ ਨੂੰ ਦੱਸਿਆ ਕਿ ਸਮੁੰਦਰੀ ਖੇਤਰ ਵਿੱਚ ਹੋਰ ਲਾਸ਼ਾਂ ਲੱਭਣ ਲਈ ਖੋਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਕਿਸ਼ਤੀ ਦੋ ਦਿਨ ਪਹਿਲਾਂ ਡੁੱਬੀ ਸੀ। ਸੀਰੀਆ ਦੇ ਇਕ ਬੰਦਰਗਾਹ ਅਧਿਕਾਰੀ ਨੇ ਸਰਕਾਰੀ ਸਮਾਚਾਰ ਏਜੰਸੀ ਸਨਾ ਨੂੰ ਦੱਸਿਆ ਕਿ 31 ਲਾਸ਼ਾਂ ਰੁੜ ਕੇ ਤੱਟ ‘ਤੇ ਗਈਆਂ ਸਨ, ਜਦਕਿ ਬਾਕੀ ਲਾਸ਼ਾਂ ਨੂੰ ਸੀਰੀਆ ਦੀਆਂ ਕਿਸ਼ਤੀਆਂ ਰਾਹੀਂ ਪਾਣੀ ‘ਚੋਂ ਬਾਹਰ ਕੱਢਿਆ ਗਿਆ ਹੈ। ਸੰਕਟਗ੍ਰਸਤ ਲੇਬਨਾਨ ਤੋਂ ਲੋਕ ਸਮੁੰਦਰੀ ਰਸਤੇ ਯੂਰਪ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।

Leave a Reply

Your email address will not be published. Required fields are marked *