ਉੱਤਰੀ ਕੋਰੀਆ ਨੇ ਇੱਕ ਹਫ਼ਤੇ ‘ਚ ਚੌਥੀ ਵਾਰ ਕੀਤਾ ਮਿਜ਼ਾਈਲ ਪ੍ਰੀਖਣ

ਸਿਓਲ: ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਇਸਦੇ ਗੁਆਂਢੀ ਦੇਸ਼ਾਂ ਨੇ ਇਹ ਜਾਣਕਾਰੀ ਦਿੱਤੀ। ਇਸ ਹਫ਼ਤੇ ਇਹ ਚੌਥੀ ਵਾਰ ਹੈ ਕਿ ਉੱਤਰੀ ਕੋਰੀਆ ਨੇ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ, ਜਿਸ ਦੀ ਉਸ ਦੇ ਵਿਰੋਧੀਆਂ ਨੇ ਸਖ਼ਤ ਨਿੰਦਾ ਕੀਤੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੋਗਰਾਮ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਦਾ ਪ੍ਰਮਾਣੂ ਹਥਿਆਰਾਂ ਦਾ “ਪਾਗਲਪਨ” ਉਸ ਦੇ ਆਪਣੇ ਹੀ ਲੋਕਾਂ ਦੇ ਦੁੱਖਾਂ ਵਿੱਚ ਵਾਧਾ ਕਰ ਰਿਹਾ ਹੈ ਅਤੇ ਉਹਨਾਂ ਨੇ ਅਜਿਹੇ ਹਥਿਆਰਾਂ ਦੀ ਵਰਤੋਂ ‘ਤੇ ਦੱਖਣੀ ਕੋਰੀਆ ਅਤੇ ਅਮਰੀਕਾ ਬਲਾਂ ਤੋਂ ਬਹੁਤ ਕਠੋਰ ਜਵਾਬ ਮਿਲਣ ਨੂੰ ਲੈ ਕੇ ਚਿਤਾਵਨੀ ਦਿੱਤੀ।

ਯੂਨ ਨੇ ਹਥਿਆਰਬੰਦ ਸੈਨਾ ਦਿਵਸ ਸਮਾਰੋਹ ਦੇ ਜਸ਼ਨਾਂ ਵਿੱਚ ਕਿਹਾ ਕਿ ਉੱਤਰੀ ਕੋਰੀਆ ਨੇ ਪਿਛਲੇ 30 ਸਾਲਾਂ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਦੇ ਲਗਾਤਾਰ ਇਤਰਾਜ਼ਾਂ ਦੇ ਬਾਵਜੂਦ ਪ੍ਰਮਾਣੂ ਅਤੇ ਮਿਜ਼ਾਈਲ ਹਥਿਆਰਾਂ ਦਾ ਪਿੱਛਾ ਨਹੀਂ ਛੱਡਿਆ। ਪਰਮਾਣੂ ਹਥਿਆਰਾਂ ਦਾ ਵਿਕਾਸ ਉੱਤਰੀ ਕੋਰੀਆ ਦੇ ਲੋਕਾਂ ਨੂੰ ਹੋਰ ਮੁਸੀਬਤ ਵਿੱਚ ਪਾਵੇਗਾ।ਉਹਨਾਂ ਨੇ ਕਿਹਾ ਕਿ ਜੇਕਰ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਨੂੰ ਦੱਖਣੀ ਕੋਰੀਆ-ਅਮਰੀਕਾ ਗਠਜੋੜ ਅਤੇ ਸਾਡੀ ਸੈਨਾ ਦੀ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਵੇਗਾ।

ਯੂਨ ਦੀਆਂ ਟਿੱਪਣੀਆਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਨਾਰਾਜ਼ ਕਰ ਸਕਦੀਆਂ ਹਨ। ਕਿਮ ਨੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਬਦਲੇ ਯੂਨ ਦੀ ਮਦਦ ਦੀ ਪੇਸ਼ਕਸ਼ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਹੈ। ਉੱਤਰੀ ਕੋਰੀਆ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦੱਖਣੀ ਕੋਰੀਆ ਦੌਰੇ ਅਤੇ ਪੰਜ ਸਾਲਾਂ ਵਿੱਚ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਵਿਚਾਲੇ ਪਹਿਲੀ ਐਂਟੀ ਪਣਡੁੱਬੀ ਸਿਖਲਾਈ ਤੋਂ ਬਾਅਦ ਮਿਜ਼ਾਈਲ ਪ੍ਰੀਖਣਾਂ ਨੂੰ ਤੇਜ਼ ਕਰ ਦਿੱਤਾ ਹੈ। ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕੀ ਬਲਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਦੋ ਮਿਜ਼ਾਈਲ ਪ੍ਰੀਖਣਾਂ ਦਾ ਪਤਾ ਲਗਾਇਆ ਹੈ। ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਫ਼ੌਜਾਂ ਦੇ ਅਨੁਸਾਰ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਮਿਜ਼ਾਈਲਾਂ ਨੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਕਾਰ ਲਗਭਗ 350-400 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਕੁਝ ਨਿਰੀਖਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ ਹਰਾਉਣ ਅਤੇ ਦੱਖਣੀ ਕੋਰੀਆ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਸਮੇਤ ਪ੍ਰਮੁੱਖ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਸਕੰਦਰ ਵਰਗੀਆਂ ਮਿਜ਼ਾਈਲਾਂ ਦਾ ਵਿਕਾਸ ਕੀਤਾ ਹੈ।

Leave a Reply

Your email address will not be published. Required fields are marked *