ਮੈਲਬੌਰਨ ’ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ

ਮੈਲਬੌਰਨ: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਇਨਸਾਫ਼ ਦੀ ਮੰਗ ਜਾਰੀ ਹੈ । ਇਸ ਤਹਿਤ  ਐਤਵਾਰ ਨੂੰ ਮੈਲਬੌਰਨ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦੀ ਯਾਦ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮੈਲਬੌਰਨ ਕ੍ਰਿਕਟ ਗਰਾਊਂਡ  ਵਿੱਚ  ਹੋ ਰਹੇ ਕ੍ਰਿਕਟ ਦੇ ਵਰਲਡ ਕੱਪ ਦੇ ਫਾਈਨਲ ਮੈਚ  ਦੇ ਮੱਦੇਨਜ਼ਰ ਆਯੋਜਤ ਕੀਤਾ ਗਿਆ ਸੀ । ਪ੍ਰਬੰਧਕਾਂ ਅਨੁਸਾਰ  ਇਹ ਪ੍ਰਦਰਸ਼ਨ ਪਹਿਲਾਂ ਸਟੇਡੀਅਮ ਦੇ ਗੇਟ ਨੰਬਰ 1 ’ਤੇ ਹੋਣਾ ਸੀ ਪਰ  ਪੁਲਸ ਅਤੇ ਬੀਸੀਸੀਆਈ ਦੀ ਦਖ਼ਲਅੰਦਾਜ਼ੀ ਕਰਕੇ  ਮਿਥੇ ਹੋਏ ਸਥਾਨ ਤੋਂ  ਇਹ ਪ੍ਰਦਰਸ਼ਨ ਚੁੱਕਣਾ ਪਿਆ ਅਤੇ ਇਹ ਪ੍ਰਦਰਸ਼ਨ ਨਾਲ ਲੱਗਦੇ  ਰਿਚਮੰਡ ਸਟੇਸ਼ਨ ’ਤੇ  ਕੀਤਾ ਗਿਆ ।

ਪ੍ਰਬੰਧਕਾਂ ਅਨੁਸਾਰ ਇਸ ਸ਼ਾਂਤਮਈ  ਪ੍ਰਦਰਸ਼ਨ ਦੀ ਅਗਾਊਂ ਜਾਣਕਾਰੀ ਪ੍ਰਸ਼ਾਸਨ ਅਤੇ ਸਟੇਡੀਅਮ ਵਾਲਿਆਂ ਨੂੰ ਦਿੱਤੀ ਗਈ ਸੀ ਪਰ ਐਨ ਮੌਕੇ ਪੁਲਸ ਵਾਲਿਆਂ ਵੱਲੋਂ ਦਿੱਤੇ ਦਖ਼ਲ ਕਰ ਕੇ ਉਨ੍ਹਾਂ ਨੂੰ  ਥੋੜ੍ਹੀ ਨਿਰਾਸ਼ਾ ਹੋਈ ਹੈ । ਇਸ ਮੌਕੇ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਮਰਪਤ ਟੀ ਸ਼ਰਟਾਂ ਪਾ ਕੇ ਅਤੇ ਉਸ ਦੇ ਗੀਤਾਂ ਨਾਲ ਸਿੱਧੂ ਮੁਸੇਵਾਲਾ ਨੂੰ ਯਾਦ ਕੀਤਾ ਗਿਆ । ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ  ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹਾਂ ਅਤੇ  ਜੇਕਰ ਭਾਰਤੀ ਹਕੂਮਤ ਦੇ ਕੰਨਾਂ ’ਤੇ ਕੋਈ ਜੂੰਅ ਨਹੀਂ ਸਰਕੀ ਤਾਂ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ।

Leave a Reply

Your email address will not be published. Required fields are marked *