ਨਿਊਜ਼ੀਲੈਂਡ ਮਸਜਿਦ ਹਮਲੇ ਦੇ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ

ਆਕਲੈਂਡ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ’ਤੇ 15 ਮਾਰਚ, 2019 ਨੂੰ ਹਮਲਾ ਕਰਨ ਦੇ ਦੋਸ਼ੀ ਨੂੰ ਅਦਾਲਤ ਨੇ ਬਿਨਾਂ ਪੈਰੋਲ ਉਮਰ ਭਰ ਲਈ ਜੇਲ੍ਹ ’ਚ ਰੱਖਣ ਦਾ ਫ਼ੈਸਲਾ ਸੁਣਾਇਆ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਕੈਦੀ ਨੂੰ ਬਿਨਾਂ ਪੈਰੋਲ ਤੋਂ ਮੌਤ ਤੱਕ ਆਪਣੀ ਸਾਰੀ ਜ਼ਿੰਦਗੀ ਜੇਲ੍ਹ ’ਚ ਗੁਜ਼ਾਰਨੀ ਪਵੇਗੀ।

ਦੱਸਣਯੋਗ ਹੈ ਕਿ ਆਸਟਰੇਲੀਆ ਮੂਲ ਦੇ ਬਰੈਂਟਨ ਹੈਰੀਸਨ ਟੈਰੰਟ (29) ਨੇ ਪਿਛਲੇ ਸਾਲ 15 ਮਾਰਚ ਨੂੰ ਫੇਸਬੁੱਕ ਲਾਈਵ ਸਟਰੀਮਿੰਗ ਕਰਕੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ’ਤੇ ਆਟੋਮੈਟਿਕ ਗੰਨਾਂ ਨਾਲ ਹਮਲੇ ਕਰਕੇ 51 ਨਮਾਜ਼ੀਆਂ ਨੂੰ ਮੌਤ ਦੇ ਘਾਟ ਊਤਾਰ ਦਿੱਤਾ ਸੀ ਅਤੇ ਕਰੀਬ 40 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਕ੍ਰਾਈਸਟਚਰਚ ਹਾਈਕੋਰਟ ਦੇ ਜੱਜ ਕੈਮੇਰੌਨ ਮੈਂਡਰ ਨੇ ਅੱਜ ਦੋਸ਼ੀ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਹਮਲੇ ਵਿਚ ਮਾਰੇ ਗਏ ਲੋਕਾਂ ਤੇ ਪੀੜਤ ਪਰਿਵਾਰਾਂ ਦੇ ਨਾਂ ਬੋਲੇ। ਇਸ ਪਿੱਛੋਂ ਜ਼ਖਮੀ ਹੋਏ ਲੋਕਾਂ ਬਾਰੇ ਜਾਣਕਾਰੀ ਦਿੱਤੀ। ਫ਼ੈਸਲੇ ਦੀ ਉਡੀਕ ਵਿਚ ਅਦਾਲਤ ਦੀ ਪਬਲਿਕ ਗੈਲਰੀ ਅਤੇ ਸੱਤ ਕਮਰੇ ਪੀੜਤ ਪਰਿਵਾਰਾਂ ਨਾਲ ਭਰੇ ਹੋਏ ਸਨ। ਜੱਜ ਨੇ ਕਿਹਾ ਕਿ ਇਸ ਅਣਮਨੁੱਖੀ ਹਮਲੇ ਦੇ ਦੋਸ਼ੀ ਨੇ ਕਿਸੇ ’ਤੇ ਵੀ ਤਰਸ ਨਹੀਂ ਕੀਤਾ। ਜੱਜ ਅਨੁਸਾਰ ਅਤਿਵਾਦੀ ਦੀ ਨਫ਼ਰਤ ਵਾਲੀ ਵਿਚਾਰਧਾਰਾ ਲਈ ਨਿਊਜ਼ੀਲੈਂਡ ਵਿੱਚ ਕੋਈ ਥਾਂ ਨਹੀਂ ਹੈ। ਜੱਜ ਨੇ ਟੈਰੰਟ ਨੂੰ ਕਿਹਾ ਕਿ ਉਹ ਕਾਤਲ ਨਹੀ ਬਲਕਿ ਖ਼ਤਰਨਾਕ ਅਤਿਵਾਦੀ ਹੈ। ਚਾਰ ਰੋਜ਼ਾ ਸੁਣਵਾਈ ਦੇ ਪਿਛਲੇ ਤਿੰਨ ਦਿਨਾਂ ਦੌਰਾਨ ਕ੍ਰਾਈਸਟਚਰਚ ਹਾਈਕੋਰਟ ਵਿਚ 90 ਤੋਂ ਵੱਧ ਪੀੜਤਾਂ ਨੇ ਜੱਜ ਅੱਗੇ ਆਪਣਾ ਦਰਦ ਜ਼ਾਹਰ ਕੀਤਾ ਅਤੇ ਕਈਆਂ ਨੇ ਦੋਸ਼ੀ ਨੂੰ ਲਾਹਣਤਾਂ ਪਾਈਆਂ। ਇਨ੍ਹਾਂ ਦਿਨਾਂ ਦੌਰਾਨ ਦੋਸ਼ੀ ਚੁੱਪਚਾਪ ਬਿਨਾਂ ਕਿਸੇ ਹਿਲਜੁਲ ਤੋਂ ਬੈਠਾ ਰਿਹਾ। ਸੁਰੱਖਿਆ ਕਾਰਨਾਂ ਕਰਕੇ ਅਦਾਲਤ ਨੇ ਲਾਈਵ ਕਵਰੇਜ਼ ’ਤੇ ਪਾਬੰਦੀ ਲਾਈ ਹੋਈ ਸੀ।

ਟੈਰੰਟ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਫ਼ੈਸਲੇ ’ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੀੜਤਾਂ ਨੂੰ ਜੋ ਸੰਤਾਪ ਭੁਗਤਣਾ ਪਿਆ ਹੈ, ਉਸ ਨੂੰ ਆਸਾਨੀ ਨਾਲ ਭੁਲਾਇਆ ਨਹੀਂ ਜਾ ਸਕਦਾ ਪ੍ਰੰਤੂ ਅੱਜ ਸੁਣਾਈ ਸਜ਼ਾ ਨਾਲ ਪੀੜਤਾਂ ਨੂੰ ਸਕੂਨ ਮਿਲੇਗਾ। ਊਨ੍ਹਾਂ ਮੁਸਲਿਮ ਭਾਈਚਾਰੇ ਨੂੰ ਕਿਹਾ ਕਿ ਕੋਈ ਵੀ ਉਨ੍ਹਾਂ ਦਾ ਦੁੱਖ ਘਟਾ ਨਹੀਂ ਸਕਦਾ ਪ੍ਰੰਤੂ ਇਸ ਕਾਨੂੰਨੀ ਕਾਰਵਾਈ ਜਾਂ ਹੋਰ ਉਪਰਾਲਿਆਂ ਸਦਕਾ ਨਿਊਜ਼ੀਲੈਂਡ ਨੇ ਮੁਸਲਿਮ ਭਾਈਚਾਰੇ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਭਾਈਚਾਰਾ ਅਜਿਹਾ ਹੀ ਮਹਿਸੂਸ ਕਰੇਗਾ। ਅੱਜ ਅਦਾਲਤ ਦੇ ਬਾਹਰ ਸਜ਼ਾ ਸੁਣਾਏ ਜਾਣ ਮੌਕੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਵਲੋਂ ਮਨੁੱਖੀ ਲੜੀ ਬਣਾਈ ਗਈ। ਸਾਰਿਆਂ ਨੇ ਇੱਕ-ਦੂਜੇ ਨੂੰ ਫੁੱਲ ਭੇਟ ਕਰਕੇ ਹੌਸਲਾ ਦਿੱਤਾ।

Leave a Reply

Your email address will not be published. Required fields are marked *