ਸਿੰਗਾਪੁਰ: ਪ੍ਰੀਤਮ ਸਿੰਘ ਨੇ ਸੰਸਦ ’ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੰਭਾਲਿਆ

ਸਿੰਗਾਪੁਰ : ਸਿੰਗਾਪੁਰ ਦੀ ਸੰਸਦ ਵਿਚ ਭਾਰਤੀ ਮੂਲ ਦੇ ਪ੍ਰੀਤਮ ਸਿੰਘ ਨੇ ਵਿਰੋਧੀ ਧਿਰ ਦੇ ਪਹਿਲੇ ਆਗੂ ਵਜੋਂ ਅਹੁਦਾ ਸੰਭਾਲ ਕੇ ਇਤਿਹਾਸ ਸਿਰਜ ਦਿੱਤਾ ਹੈ। ਪ੍ਰੀਤਮ ਸਿੰਘ ਦੀ ਵਰਕਰਜ਼ ਪਾਰਟੀ ਨੇ 93 ਸੀਟਾਂ ਉਤੇ ਚੋਣ ਲੜੀ ਸੀ ਤੇ ਦਸ ਜਿੱਤੀਆਂ ਸਨ। ਇੱਥੇ ਆਮ ਚੋਣਾਂ ਜੁਲਾਈ ਵਿਚ ਹੋਈਆਂ ਸਨ। 

ਸਿੰਗਾਪੁਰ ਦੀ ਸੰਸਦ ਦੇ ਇਤਿਹਾਸ ਵਿਚ ਪ੍ਰੀਤਮ ਦੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਵਜੋਂ ਉੱਭਰੀ ਹੈ। ਅੱਜ ਜਿਵੇਂ ਹੀ ਸੰਸਦ ਦੀ ਕਾਰਵਾਈ ਆਰੰਭ ਹੋਈ ਤਾਂ ਸਭ ਤੋਂ ਪਹਿਲਾਂ ਸਦਨ ਦੀ ਆਗੂ ਇੰਦਰਾਨੀ ਰਾਜਾ ਨੇ ਅਧਿਕਾਰਤ ਤੌਰ ’ਤੇ ਪ੍ਰੀਤਮ ਸਿੰਘ (43) ਨੂੰ ਵਿਰੋਧੀ ਧਿਰ ਦੇ ਪਹਿਲੇ ਆਗੂ ਵਜੋਂ ਨਾਮਜ਼ਦ ਕੀਤਾ। ਇੰਦਰਾਨੀ ਨੇ ਕਿਹਾ ਕਿ ਸੰਸਦ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਵਧੀ ਗਿਣਤੀ ਸਾਬਿਤ ਕਰਦੀ ਹੈ ਕਿ ਲੋਕ ਸਿਆਸੀ ਵਿਚਾਰਧਾਰਾ ’ਚ ਵਿਭਿੰਨਤਾ ਦੇ ਹਾਮੀ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਇਸ ਅਹੁਦੇ ਨੂੰ ਅਧਿਕਾਰਤ ਤੌਰ ’ਤੇ ਪਛਾਣਿਆ ਜਾਵੇ। ਇੰਦਰਾਨੀ ਵੀ ਭਾਰਤੀ ਮੂਲ ਦੀ ਹੈ ਤੇ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਨਾਲ ਸਬੰਧ ਰੱਖਦੀ ਹੈ। ਪੀਏਪੀ ਕੋਲ 83 ਚੁਣੇ ਹੋਏ ਮੈਂਬਰ ਹਨ। ਪ੍ਰੀਤਮ ਨੂੰ ਇਸ ਮੌਕੇ ਭਾਸ਼ਣ   ਲਈ 40 ਮਿੰਟ ਸਮਾਂ ਮਿਲਿਆ ਤੇ ਉਹ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਦੇ ਬਿਲਕੁਲ ਸਾਹਮਣੇ ਵਾਲੀ ਸੀਟ ਉਤੇ ਬੈਠੇ।

Leave a Reply

Your email address will not be published. Required fields are marked *